ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 11 ਦਸੰਬਰ
ਕਿਸਾਨ ਅੰਦੋਲਨ ਦੌਰਾਨ ਦਿੱਲੀ ਵਿੱਚ ਧਰਨਿਆਂ ’ਤੇ ਬੈਠੇ ਕਿਸਾਨਾਂ ਦੀ ਹਮਾਇਤ ਵਿੱਚ ਹਰ ਰੋਜ਼ ਕਿਸਾਨ ਸਮਰਥਕ ਦਿੱਲੀ ਜਾ ਰਹੇ ਹਨ। ਤਹਿਸੀਲ ਦੇ ਪਿੰਡ ਬਿਲਾਸਪੁਰ ਦੇ ਨੌਜਵਾਨ ਤਰਲੋਚਨ ਸਿੰਘ ਨੇ ਸਾਈਕਲ ’ਤੇ ਦਿੱਲੀ ਅੰਦੋਲਨ ਵਿੱਚ ਜਾਕੇ ਨਵੀਂ ਮੱਲ ਮਾਰੀ ਹੈ। ਉਸ ਦਾ ਪਿੰਡ ਪਰਤਣ ’ਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਹੈ।
ਤਰਲੋਚਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਈਕਲ ’ਤੇ ਦੋ ਦਿਨ ਵਿੱਚ ਦਿੱਲੀ ਪੁੱਜ ਗਿਆ ਸੀ ਕੁਝ ਦਿਨ ਉੱਥੇ ਕਿਸਾਨ ਸੰਘਰਸ਼ ਵਿੱਚ ਹਾਜ਼ਰੀ ਲਗਵਾਉਣ ਪਿੱਛੋਂ ਕੱਲ੍ਹ ਪਿੰਡ ਪਰਤਿਆ ਹੈ। ਉਸਨੇ ਕਿਹਾ ਕਿ ਉਸਦਾ ਸਾਈਕਲ ’ਤੇ ਜਾਣ ਦਾ ਮਕਸਦ ਮਸ਼ਹੂਰੀ ਪ੍ਰਾਪਤ ਕਰਨਾ ਨਹੀਂ ਸਗੋਂ ਰਸਤੇ ਵਿੱਚ ਲੋਕਾਂ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਉਣਾ ਸੀ ਅਤੇ ਲੋਕਾਂ ਨੂੰ ਦੱਸਣਾ ਸੀ ਕਿ ਪੰਜਾਬ ਨਸ਼ੇੜੀ ਨਹੀਂ ਹੱਕਾਂ ਲਈ ਲੜਨ ਵਾਲਾ ਹੈ। ਤਰਲੋਚਨ ਸਿੰਘ ਦਾ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਸਮੂਹ ਪੰਚਾਇਤ ਤੇ ਗੁਰਦਵਾਰਾ ਮਾਲੂਸਰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਐਕਸੀਅਨ ਹਰਵੇਲ ਸਿੰਘ ਧਾਲੀਵਾਲ, ਪਰਮਜੀਤ ਸਿੰਘ ਪੰਚ, ਪੱਪੀ ਸਿੰਘ ਖੇਲਾ ਅਤੇ ਦਰਸ਼ਨ ਸਿੰਘ ਦਿਓਲ ਸਮੇਤ ਪਿੰਡ ਦੇ ਪਤਵੰਤੇ ਮੌਜੂਦ ਸਨ।