ਰਾਜਿੰਦਰ ਵਰਮਾ
ਭਦੌੜ, 19 ਅਪਰੈਲ
ਇੱਥੋਂ ਦੀ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਪਿਛਲੇ ਅੱਠ ਦਿਨਾਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਹੜਤਾਲ ’ਤੇ ਚੱਲ ਰਹੇ ਹਨ, ਜਿਸ ਕਰਕੇ ਸ਼ਹਿਰ ਅੰਦਰ ਕੂੜੇ ਦੇ ਢੇਰ ਲੱਗੇ ਹੋਏ ਹਨ। ਸਫ਼ਾਈ ਸੇਵਕਾਂ ਦੀ ਕੌਂਸਲ ਦੇ ਈਓ ਵੱਲੋਂ ਕੋਈ ਸੁਣਵਾਈ ਨਾ ਹੋਣ ਕਰਕੇ ਸਫ਼ਾਈ ਕਰਮਚਾਰੀਆਂ ਨੇ ਕੂੜੇ ਦੀ ਟਰਾਲੀ ਭਰ ਕੇ ਦਫ਼ਤਰ ਦੇ ਗੇਟ ਅੱਗੇ ਖੜ੍ਹਾ ਕੀਤੀ ਹੋਈ ਹੈ ਅਤੇ ਬਾਹਰ ਕੂੜੇ ਖਿੱਲਰਿਆ ਪਿਆ ਹੈ। ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਅਤੇ ਰਾਜ ਮੋਹਨ ਨੇ ਕਿਹਾ ਕਿ ਪੱਕੇ ਮੁਲਾਜ਼ਮਾਂ ਨੂੰ ਦੋ ਅਤੇ ਕੱਚੇ ਮੁਲਾਜ਼ਮਾਂ ਨੂੰ ਇੱਕ ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਨਖਾਹ ਨਹੀਂ ਮਿਲਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਦੱਸਣਯੋਗ ਹੈ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਮੰਗਲਵਾਰ ਨੂੰ ਹੋਣ ਵਾਲੀ ਚੋਣ ਸਮੇਂ ਨਵੇਂ ਚੁਣੇ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੌਂਸਲ ਦੇ ਦਫ਼ਤਰ ਅੱਗੇ ਲੱਗੇ ਕੂੜੇ ਦੇ ਢੇਰਾਂ ਉਪਰੋਂ ਲੰਘਣਾ ਪਵੇਗਾ।
ਈਓ ਗੁਰਚਰਨ ਸਿੰਘ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਜਾਣ-ਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ ਜਦਕਿ ਕੱਚਿਆਂ ਦੀ ਤਨਖ਼ਾਹ ਅੱਜ ਦਿੱਤੀ ਗਈ ਹੈ ਤੇ ਪੱਕੇ ਕਰਮਚਾਰੀਆਂ ਦੀ ਤਨਖਾਹ ਵੈਟ ਆਉਣ ’ਤੇ ਦਿੱਤੀ ਜਾਵੇਗੀ।