ਜੋਗਿੰਦਰ ਸਿੰਘ ਮਾਨ
ਮਾਨਸਾ, 7 ਨਵੰਬਰ
ਇੱਥੋਂ ਦੇ ਨੇੜਲੇ ਪਿੰਡ ਤਾਮਕੋਟ ਵਿੱਚ ਮੀਟਰ ਪੁੱਟਣ ਗਏ ਬਿਜਲੀ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕਿਸਾਨਾਂ ਨੇ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ।
ਬਿਜਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇਂ ਵਿੱਚ ਬਿਜਲੀ ਦੇ ਬਿੱਲ ਅਦਾ ਨਹੀਂ ਕੀਤੇ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਰਹੀ ਹੈ। ਇਸ ਕਰਕੇ ਉਹ ਆਪਣੀ ਡਿਊਟੀ ਕਰਨ ਲਈ ਇੱਥੇ ਆਏ ਸਨ। ਦੂਜੇ ਪਾਸੇ ਕਿਸਾਨਾਂ ਨੇ ਦੱਸਿਆ ਕਿ ਲੌਕਡਾਊਨ ਕਾਰਨ ਮਜ਼ਦੂਰੀ ਨਾ ਮਿਲਣ ਕਰਕੇ ਗਰੀਬ ਘਰਾਂ ਦੇ ਲੋਕ ਬਿਜਲੀ ਦਾ ਬਿੱਲ ਨਹੀਂ ਭਰ ਸਕੇ। ਹੁਣ ਉਨ੍ਹਾਂ ਨੂੰ ਜ਼ਲੀਲ ਕਰਕੇ ਹਨ੍ਹੇਰੇ ’ਚ ਰਹਿਣ ਲਈ ਮਜਬੂਰ ਨਾ ਕੀਤਾ ਜਾਵੇ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਇਹ ਬਿਜਲੀ ਮੀਟਰ ਨਹੀਂ ਪੁੱਟਣ ਦੇਣਗੇ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਤਾਮਕੋਟ ‘ਚ ਬਿੱਲ ਨਾ ਭਰੇ ਜਾਣ ਕਾਰਨ ਬਿਜਲੀ ਅਧਿਕਾਰੀ ਕੁਝ ਖਪਤਕਾਰਾਂ ਦੇ ਮੀਟਰ ਪੁੱਟਣ ਲਈ ਪੁੱਜੇ ਤਾਂ ਇਸ ਦਾ ਪਤਾ ਲੱਗਦਿਆਂ ਹੀ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਘਿਰਾਓ ਕਰ ਲਿਆ। ਉਨ੍ਹਾਂ ਐਲਾਨ ਕੀਤਾ ਕਿ ਬਿਜਲੀ ਅਧਿਕਾਰੀਆਂ ਨੂੰ ਪੁੱਟੇ ਗਏ ਮੀਟਰ ਲਾਹੁਣ ਲਈ ਪਿੰਡ ‘ਚ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਪੁੱਟੇ ਗਏ ਬਿਜਲੀ ਮੀਟਰ ਫਿਰ ਤੋਂ ਲਗਵਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਦੁਬਾਰਾ ਤੋਂ ਬਿਜਲੀ ਅਧਿਕਾਰੀਆਂ ਨੂੰ ਪਿੰਡ ਵਿੱਚ ਨਹੀਂ ਵੜਨ ਦੇਣਗੇ।
ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਗਰੀਬ ਲੋਕਾਂ ਨਾਲ ਧੱਕਾ ਹੈ। ਜੇਕਰ ਹੁਣ ਕੋਈ ਬਿਜਲੀ ਅਧਿਕਾਰੀ, ਕਰਮਚਾਰੀ ਇਸ ਤਰ੍ਹਾਂ ਦੀ ਕਾਰਵਾਈ ਲਈ ਪਿੰਡ ‘ਚ ਆਇਆ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮਾਨਸਾ ਸਥਿਤ ਸਹਾਇਕ ਇੰਜਨੀਅਰ ਸ਼ਿਵ ਗਰਗ ਦਾ ਕਹਿਣਾ ਹੈ ਕਿ ਉਹ ਆਪਣੀ ਸਰਕਾਰੀ ਡਿਊਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡ ਵਿੱਚ ਮੀਟਰ ਦੀ ਚੈਕਿੰਗ ਕਰਨ ਲਈ ਆਏ ਸਨ,ਪਰ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਘਿਰਾਓ ਕਰ ਲਿਆ।