ਪਵਨ ਗੋਇਲ
ਭੁੱਚੋ ਮੰਡੀ, 7 ਅਕਤੂਬਰ
ਖੇਤੀਬਾੜੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ 260 ਏਕੜ ਗੁਲਾਬੀ ਸੂੰਡੀ ਕਾਰਨ ਬਰਬਾਦ ਹੋਈ ਨਰਮੇ ਦੀ ਫ਼ਸਲ ਦੀ ਗਿਰਦਾਵਰੀ ਕੀਤੀ ਗਈ। ਇਸ ਟੀਮ ਵਿੱਚ ਖੇਤੀਬਾੜੀ ਅਫ਼ਸਰ ਜਗਜੀਤ ਸਿੰਘ, ਮਾਲ ਵਿਭਾਗ ਦੇ ਪਟਵਾਰੀ ਈਸ਼ਾਨ ਗਰਗ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਮੌਜੂਦ ਸਨ। ਅਧਿਕਾਰੀਆਂ ਵੱਲੋਂ ਗਿਰਦਾਵਰੀ ਕਾਸ਼ਤਕਾਰਾਂ ਦੇ ਨਾਮ ਕੀਤੇ ਜਾਣ ਕਾਰਨ ਕਿਸਾਨਾਂ ਨੇ ਤਸੱਲੀ ਪ੍ਰਗਟਾਈ। ਸਾਬਕਾ ਪੰਚ ਬੂਟਾ ਸਿੰਘ ਅਤੇ ਭਾਕਿਯੂ ਉਗਰਾਹਾਂ ਦੇ ਪਿੰਡ ਇਕਾਈ ਪ੍ਰਧਾਨ ਅਜਮੇਰ ਸਿੰਘ ਨੇ ਦੱਸਿਆ ਕਿ ਗੁਲਾਬੀ ਸੂੰਡੀ ਕਾਰਨ ਨਰਮੇ ਦਾ ਭਾਰੀ ਨੁਕਸਾਨ ਹੋਇਆ ਹੈ। ਨਰਮੇ ਨੂੰ ਲੱਗੇ ਟੀਂਡੇ ਉੱਪਰੋਂ ਤਾਂ ਦੇਖਣ ਨੂੰ ਵਧੀਆ ਲੱਗ ਰਹੇ ਹਨ, ਪਰ ਜਦ ਉਨ੍ਹਾਂ ਨੂੰ ਭੰਨ੍ਹ ਕੇ ਦੇਖਦੇ ਹਾਂ, ਤਾਂ ਇਸ ਵਿੱਚ ਨਰਮੇ ਦੀ ਥਾਂ ਚਿਪਚਿਪਾ ਜਿਹਾ ਪਾਣੀ ਨਿਕਲ ਰਿਹਾ ਹੈ। ਪਿੰਡ ਦੀ ਲਗਪਗ ਨਰਮੇ ਦੀ ਸਾਰੀ ਫਸਲ ਨੁਕਸਾਨੀ ਗਈ ਹੈ। ਕਿਸਾਨ ਆਗੂ ਗੁਰਜੰਟ ਸਿੰਘ, ਅਜਮੇਰ ਸਿੰਘ, ਸਿਮਰਜੀਤ ਸਿੰਘ ਅਤੇ ਬਲਤੇਜ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ 60 ਹਜ਼ਾਰ ਰੁਪਏ ਅਤੇ ਮਜ਼ਦੂਰਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ (ਪੰਜ ਜੀਅ) ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪੰਚ ਅਮਨਦੀਪ ਸਿੰਘ, ਕੁਲਦੀਪ ਸਿੰਘ, ਨੰਬਰਦਾਰ ਸੁਖਰਾਜ ਸਿੰਘ, ਸਾਬਕਾ ਪੰਚ ਇਕਬਾਲ ਸਿੰਘ ਅਤੇ ਗੁਰਸ਼ਰਨ ਸਿੰਘ ਹਾਜ਼ਰ ਸਨ।
ਮੱਲ ਸਿੰਘ ਵਾਲਾ ਦੇ ਕਿਸਾਨ ਨੇ ਨਰਮੇ ਦੀ ਫ਼ਸਲ ਵਾਹੀ
ਬੋਹਾ (ਪੱਤਰ ਪ੍ਰੇਰਕ): ਗੁਲਾਬੀ ਸੁੰਡੀ ਦੇ ਹਮਲੇ ਕਾਰਨ ਅੱਜ ਪਿੰਡ ਮੱਲ ਸਿੰਘ ਵਾਲਾ ਦੇ ਕਿਸਾਨ ਤਰਸੇਮ ਸਿੰਘ ਨੂੰ ਹਿੱਸੇ ’ਤੇ ਲਈ ਜ਼ਮੀਨ ਉੱਪਰ ਬੀਜੇ ਨਰਮੇ ਨੂੰ ਟਰੈਕਟਰ ਚਲਾ ਕੇ ਵਾਹੁਣ ਲਈ ਮਜਬੂਰ ਹੋਣਾ ਪਿਆ। ਤਰਸੇਮ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਇੱਕ ਜ਼ਿੰਮੀਦਾਰ ਦੇ 10 ਏਕੜ ਵਾਹਣ ਦੇ ਚੌਥੇ ਹਿੱਸੇ ’ਚ ਨਰਮੇ ਦੀ ਫ਼ਸਲ ਬੀਜੀ ਸੀ, ਜਿਸ ’ਤੇ ਹੁਣ ਤੱਕ ਕਰੀਬ ਚਾਰ ਲੱਖ ਖਰਚ ਹੋ ਚੁੱਕਾ ਹੈ। ਤਰਸੇਮ ਨੇ ਦੱਸਿਆ ਕਿ ਇਸ ਵਾਰ ਫ਼ਸਲ ਤੋਂ ਉਸ ਨੂੰ ਬਹੁਤ ਆਸਾਂ ਸਨ, ਜਿਸ ਕਾਰਨ ਸਕੂਲ ਪੜ੍ਹਦੇ ਬੇਟੇ ਨੂੰ ਵੀ ਉਸ ਨੇ ਆਪਣੇ ਨਾਲ ਖੇਤੀ ’ਚ ਲਾ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੇਵਾਦਾਰ ਡਾਕਟਰ ਨਿਸ਼ਾਨ ਸਿੰਘ ਹਾਕਮਵਾਲਾ ਨੇ ਸਰਕਾਰ ਤੋਂ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।