ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 19 ਸਤੰਬਰ
ਪਿੰਡ ਬੁਰਜ ਮਹਿਮਾ ਵਿੱਚ ਅੱਜ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਪਾਵਰਕੌਮ ਦੀ ਟੀਮ ਵੱਲੋਂ ਪਿੰਡ ਦੀ ਢਾਹਣੀ ਵਿੱਚ ਰਹਿੰਦੇ ਇਕਬਾਲ ਸਿੰਘ ਬੁੱਟਰ ਪੁੱਤਰ ਰਾਜ ਸਿੰਘ ਬੁੱਟਰ ਦੇ ਘਰ ਕਥਿਤ ਤੌਰ ’ਤੇ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਨ ਦੀ ਕਨਸੋਅ ਮਿਲਣ ’ਤੇ ਛਾਪਾ ਮਾਰਿਆ ਗਿਆ। ਟੀਮ ਦੇ ਆਉਣ ਬਾਰੇ ਪਤਾ ਲੱਗਦੇ ਹੀ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ, ਬਲਕਰਨ ਸਿੰਘ ਪਿੰਡ ਪ੍ਰਧਾਨ, ਗੋਰਾ ਸਿੰਘ ਮੋੜ, ਗੁਰਚਰਨ ਸਿੰਘ ਮੋੜ ਤੇ ਗੁਰਜੰਟ ਸਿੰਘ ਬੁੱਟਰ ਦੀ ਅਗਵਾਈ ਹੇਠ ਪਾਵਰਕੌਮ ਟੀਮ ਦਾ ਘਿਰਾਓ ਕਰ ਕੇ ਅਫ਼ਸਰਾਂ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਟੀਮ ਨੂੰ 11.30 ਵਜੇ ਤੱਕ ਘੇਰੀ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ ਸੰਗਤ ਸਬ ਡਿਵੀਜ਼ਨ ਨਾਲ ਸਬੰਧਤ ਐੱਸਡੀਓ ਸੁਭਾਸ਼ ਵਰਮਾ ਆਪਣੀ ਟੀਮ ਨਾਲ ਛਾਪਾ ਮਾਰਨ ਲਈ ਪੁੱਜੇ ਸਨ। ਪਿੰਡ ਵਿੱਚ ਟੀਮ ਦੇ ਘਿਰਾਓ ਦੀ ਖ਼ਬਰ ਸੁਣਦਿਆਂ ਹੀ ਪਿੰਡ ਮਹਿਮਾ ਭਗਵਾਨਾ ਅਤੇ ਦਿਓਣ ਪਿੰਡ ਦੇ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਪੁੱਜ ਗਏ ਅਤੇ ਮਾਹੌਲ ਤਲਖੀ ਵਾਲਾ ਹੋ ਗਿਆ। ਟੀਮ ਨੇ ਕਿਸਾਨ ਖਿਲਾਫ਼ ਭਰੇ ਗਏ ਜੁਰਮਾਨੇ ਵਾਲੇ ਚਲਾਨ ਨੂੰ ਵਾਪਸ ਕਰਦਿਆਂ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ।