ਪੱਤਰ ਪ੍ਰੇਰਕ
ਮਾਨਸਾ, 14 ਫਰਵਰੀ
ਚੋਣ ਜਾਬਤੇ ਦੀ ਸਖ਼ਤੀ ਨੂੰ ਲੁਕਾਉਣ ਲਈ ਰਾਜਸੀ ਧਿਰਾਂ ਅੱਜ ਸਾਰਾ ਦਿਨ ਆਟੋ-ਰਿਕਸ਼ਿਆਂ ’ਤੇ ਵੋਟਾਂ ਢੋਹਦੀਆਂ ਰਹੀਆਂ। ਮਾਨਸਾ ਸ਼ਹਿਰ ਦੇ ਆਟੋ-ਰਿਕਸ਼ਿਆਂ ਨੂੰ ਉਮੀਦਵਾਰਾਂ ਦੇ ਨੇੜਲਿਆਂ ਵੱਲੋਂ ਬੀਤੀ ਸ਼ਾਮ ਤੋਂ ਹੀ ਦਿਹਾੜੀ ’ਤੇ ਬੁੱਕ ਕਰ ਲਿਆ ਸੀ ਅਤੇ ਉਹ ਅੱਜ ਸਵੇਰ ਤੋਂ ਹੀ ਮਹੁੱਲਿਆਂ ਵਿਚੋਂ ਸਵਾਰੀਆਂ ਦੇ ਰੂਪ ਵਿੱਚ ਵੋਟਰਾਂ ਨੂੰ ਢੋਹਦੇ ਰਹੇ।
ਇਹ ਆਟੋ-ਰਿਕਸ਼ੇ ਇੱਕ-ਇੱਕ ਜਾਂ ਦੋ-ਦੋ ਪਰਿਵਾਰਾਂ ਦੇ ਵੋਟਰਾਂ ਨੂੰ ਲੈ ਕੇ ਨਿਕਲਦੇ ਸਨ ਅਤੇ ਵੋਟਾਂ ਦਾ ਭੁਗਤਾਨ ਹੋਣ ਤੋਂ ਪਿੱਛੋਂ ਬਕਾਇਦਾ ਰੂਪ ’ਚ ਘਰੋਂ-ਘਰੀਂ ਛੱਡ ਦਿੰਦੇ ਸਨ। ਇਹਨਾਂ ਆਟੋ ਰਿਕਸ਼ਿਆਂ ’ਤੇ ਵੋਟਾਂ ਲਿਆਉਣ ਦੇ ਇਸ ਗੁੱਝੇ ਸਟਾਇਲ ਦੀ ਭਾਫ਼ ਕਿਸੇ ਜ਼ਿਲ੍ਹਾ ਅਧਿਕਾਰੀ ਤੱਕ ਨਾ ਪੈ ਸਕੀ।
ਉਧਰ ਨਵੀਂਆਂ ਬਣੀਆਂ ਦਿਹਾਤੀ ਕੌਸਲਾਂ ਵਿੱਚ ਵੋਟਾਂ ਢੋਹਣ ਲਈ ਸਾਰਾ ਦਿਨ ਗੱਡੀਆਂ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਰਹੀ, ਪਰ ਕਿਸੇ ਖ਼ਿਲਾਫ਼ ਜ਼ਿਲ੍ਹਾ ਅਧਿਕਾਰੀਆਂ ਕੋਈ ਕਾਰਵਾਈ ਨਹੀਂ ਹੋ ਸਕੀ।
ਇਸੇ ਦੌਰਾਨ ਮਾਨਸਾ ਦੇ ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੋਟਿਸ ਵਿੱਚ, ਜੋ ਵੀ ਸ਼ਿਕਾਇਤਾਂ ਆਈਆਂ ਸਨ, ਉਨ੍ਹਾਂ ਦਾ ਉਸੇ ਵੇਲੇ ਹੀ ਨਿਪਟਾਰਾ ਕਰ ਦਿੱਤਾ ਗਿਆ ਸੀ ਅਤੇ ਜੀਪਾਂ-ਕਾਰਾਂ ਰਾਹੀਂ ਜਿਹੜੇ ਵੋਟਰਾਂ ਨੂੰ ਲਿਆਉਣ ਦਾ ਮਾਮਲਾ ਦੱਸਿਆ ਗਿਆ ਸੀ, ਉਸ ਸਬੰਧੀ ਵੀ ਪੜਤਾਲ ਕਰਵਾ ਲਈ ਗਈ ਸੀ, ਪਰ ਉਸ ਵੇਲੇ ਕੋਈ ਵੀ ਗੱਡੀ ਕਿਸੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਦੇ ਧਿਆਨ ਵਿੱਚ ਨਹੀਂ ਸੀ ਆਈ।