ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੂਨ
ਮਾਲਵਾ ਵਿੱਚ ਚੱਤੋ ਪਹਿਰ ਟਿਊਬਵੈੱਲ ਚੱਲਣ ਲੱਗੇ ਹਨ। ਕਿਸਾਨ ਲਹੂ ਦੀਆਂ ਘੁੱਟਾਂ ਨਾਲ ਆਪਣੀਆਂ ਫ਼ਸਲਾਂ ਬਚਾਉਣ ਲਈ ਰੁੱਝ ਗਏ ਹਨ। ਗਰਮੀ ਦੇ ਪ੍ਰਕੋਪ ਤੋਂ ਫ਼ਸਲ ਬਚਾਉਣ ਲਈ ਮਹਿੰਗੇ ਮੁੱਲ ਦਾ ਡੀਜ਼ਲ ਮੱਚਣ ਲੱਗਿਆ ਹੈ। ਭਾਵੇਂ ਕਿਸਾਨ ਟਿਊਬਵੈੱਲਾਂ ਆਸਰੇ ਆਪਣੀਆਂ ਫ਼ਸਲਾਂ ਦੀ ਤੰਦਰੁਸਤੀ ਪੁੱਤਾਂ ਵਾਂਗ ਕਰਨ ਲੱਗਿਆ ਹੈ, ਪਰ ਤੇਜ਼ ਗਰਮੀ ਅਤੇ ਬਿਜਲੀ ਸਪਲਾਈ ਦੀ ਭਾਰੀ ਘਾਟ ਕਿਸਾਨਾਂ ਦੀਆਂ ਕੋਸ਼ਿਸ਼ਾਂ ਉਪਰ ਪਾਣੀ ਫੇਰ ਰਹੀ ਹੈ। ਦੱਖਣੀ ਪੰਜਾਬ ਦੇ ਇਸ ਖੇਤਰ ਵਿੱਚ ਗਰਮੀ ਦਾ ਪ੍ਰਕੋਪ ਵਧਣ ਕਾਰਨ ਨਰਮੇ ਅਤੇ ਕਪਾਹ ਦੀ ਨਰੋਈ ਫਸਲ ਵੀ ਲੂਅ ਕਾਰਨ ਮਰਝਾਉਣੀ ਸ਼ੁਰੂ ਹੋ ਗਈ ਹੈ ਅਤੇ ਪਸ਼ੂਆਂ ਲਈ ਬੀਜਿਆਂ ਹਰਾ-ਚਾਰਾ ਵੀ ਸੁੱਕਣ ਲੱਗਿਆ ਹੈ। ਕਈ ਥਾਵਾਂ ਉਤੇ ਸਬਜ਼ੀਆਂ ਦੀਆਂ ਵੇਲਾਂ ਵੀ ਸੁੱਕ ਗਈਆਂ ਹਨ। ਪੂਰੇ ਹਫ਼ਤੇ ਤੋਂ ਇਸ ਖਿੱਤੇ ਵਿੱਚ ਉਤਰ-ਪੱਛਮੀ ਗਰਮ ਹਵਾਵਾਂ ਚੱਲਣ ਕਰਕੇ ਤਾਪਮਾਨ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਅਤੇ ਪਿਛਲੇ ਸਾਲ ਦੀ ਤਰ੍ਹਾਂ ਕਈ ਦਿਨਾਂ ਦਾ ਤਾਪਮਾਨ 42-43 ਡਿਗਰੀ ਸੈਂਟੀਗਰੇਡ ਦੇ ਨੇੜੇ-ਤੇੜੇ ਚੱਲ ਰਿਹਾ ਹੈ। ਫਿੱਲਹਾਲ ਮਾਨਸੂਨ ਦੇ ਆਉਣ ਦੀਆਂ ਭਾਵੇਂ ਮੌਸਮ ਮਹਿਕਮੇ ਦੇ ਮਾਹਿਰਾਂ ਵੱਲੋਂ ਕੋਈ ਭਵਿੱਖਬਾਣੀਆਂ ਨਹੀਂ ਕੀਤੀਆਂ ਗਈਆਂ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮਾਨਸੂਨ ਨੂੰ ਹੋਰ ਸਮਾਂ ਨਹੀਂ ਉਡੀਕ ਸਕਦੇ, ਕਿਉਂਕਿ ਜਦੋਂ ਨੂੰ ਅੰਬਰੀ ਪਾਣੀ ਡਿੱਗਣਾ ਹੈ, ਉਦੋਂ ਤੱਕ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਛੁੱਟੀ ਕਰ ਜਾਣਗੀਆਂ। ਉਂਝ, ਕਿਸਾਨਾਂ ਦਾ ਕਹਿਣਾ ਹੈ ਕਿ ਮਾਨਸੂਨ ਅਜੇ ਦੂਰ ਹੋਣ ਕਾਰਨ ਇਸ ਕਹਿਰ ਦੀ ਗਰਮੀ ਤੋਂ ਫਿਲਹਾਲ ਰਾਹਤ ਦੀ ਵੀ ਕੋਈ ਆਸ ਨਹੀਂ ਹੈ, ਜਿਸ ਕਰਕੇ ਉਹ ਆਪਣੀਆਂ ਫਸਲਾਂ ਦੀ ਸਲਾਮਤੀ ਲਈ ਭਾਰੀ ਪ੍ਰੇਸ਼ਾਨ ਹਨ। ਪਿੰਡਾਂ ਦੇ ਅਨੇਕਾਂ ਕਿਸਾਨਾਂ ਦਾ ਕਹਿਣਾ ਹੈ ਕਿ ਫਸਲਾਂ ਨੂੰ ਬਚਾਉਣ ਲਈ ਪੰਜਾਬ ਸਟੇਟ ਪਾਵਰ ਕਾਰੋਪਰੇਸ਼ਨ ਲਿਮਟਿਡ ਵੱਲੋਂ ਵੱਧ ਸਮਾਂ ਬਿਜਲੀ ਦੇਣ ਦੀ ਲੋੜ ਹੈ ਤਾਂ ਕਿ ਕਿਸਾਨ ਆਪਣੀ ਫਸਲ ਨੂੰ ਪਾਣੀ ਦੇਕੇ ਸੜਨ ਤੋਂ ਬਚਾਅ ਸਕੇ। ਕਿਸਾਨਾਂ ਦਾ ਇਹ ਵੀ ਦੋਸ਼ ਹੈ ਕਿ ਮਹਿੰਗੇ ਰੇਟ ਉਤੇ ਲਏ ਬੀ.ਟੀ. ਕਾਟਨ ਦਾ ਬੀਜ ਸੜਨ ਕਰਕੇ, ਜੋ ਖੇਤ ਖਾਲੀ ਹੋ ਰਹੇ ਹਨ, ਉਥੇ ਨਵੇਂ ਸਿਰੇ ਤੋਂ ਨਰਮਾ ਬੀਜਣ ਲਈ ਸਰਕਾਰ ਨੂੰ ਮੁਫ਼ਤ ਬੀਜ ਦਾ ਬੰਦੋਬਸਤ ਕਰਨਾ ਚਾਹੀਦਾ ਹੈ।
ਇਸੇ ਦੌਰਾਨ ਹੀ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਾਰ ਤੇਜ਼ ਗਰਮੀ ਕਾਰਨ ਫ਼ਸਲਾਂ ਨੇ ਮਰਝਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਫ਼ਸਲਾਂ ਨੂੰ ਬਚਾਉਣ ਲਈ ਤੁਰੰਤ 12 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇ।
ਉਧਰ, ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫਸਰ ਡਾ. ਮਨਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਵੱਧ ਗਰਮੀ ਪੈਣ ਕਾਰਨ ਹਰੇ-ਚਾਰੇ, ਸਬਜ਼ੀਆਂ ਸਮੇਤ ਨਰਮੇ ਦੇ ਪਾਣੀ ਮੰਗਣ ਦੀਆਂ ਰਿਪੋਰਟਾਂ ਆਉਣ ਲੱਗੀਆਂ ਹਨ।