ਪੱਤਰ ਪ੍ਰੇਰਕ
ਮੋਗਾ/ਨਿਹਾਲ ਸਿੰਘ ਵਾਲਾ, 11 ਜੂਨ
ਪੰਜਾਬ ਤੋਂ 15 ਜੂਨ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੱਕ ਸ਼ੁਰੂ ਹੋ ਰਹੀਆਂ ਸੁਪਰ ਲਗਜ਼ਰੀ ਵੋਲਵੋ ਬੱਸਾਂ ਵਿੱਚ ਮੋਗਾ ਲਈ ਵੀ ਇੱਕ ਬੱਸ ਸ਼ਾਮਲ ਹੈ। ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੇ ਜਨਰਲ ਮੈਨੇਜਰ ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਮਾਲਵੇ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਵੱਧ ਐਨਆਰਆਈ ਹਨ। ਸ਼ਹਿਰ ਮੋਗਾ ਤੋਂ ਰੋਜ਼ਾਨਾ ਇਕ ਲਗਜ਼ਰੀ ਬੱਸ ਦਿੱਲੀ ਹਵਾਈ ਅੱਡੇ ਲਈ ਜਾਇਆ ਕਰੇਗੀ। ਇਹ ਬੱਸ ਮੁੱਖ ਬੱਸ ਸਟੈਂਡ ਤੋਂ ਸਵੇਰੇ 9 ਵਜੇ ਚੱਲਿਆ ਕਰੇਗੀ ਅਤੇ 8 ਘੰਟਿਆਂ ਵਿੱਚ ਦਿੱਲੀ ਹਵਾਈ ਅੱਡੇ ਪਹੁੰਚਿਆ ਕਰੇਗੀ। ਰਾਤ ਨੂੰ 11 ਵਜੇ ਤੱਕ ਵਾਪਸ ਮੋਗਾ ਲਈ ਚੱਲਿਆ ਕਰੇਗੀ। ਇਨ੍ਹਾਂ ਬੱਸਾਂ ਦੀ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵੈੱਬਸਾਈਟਾਂ ਤੋਂ ਕੀਤੀ ਜਾ ਸਕਦੀ ਹੈ।
ਨਿੱਜੀ ਬੱਸ ਮਾਲਕਾਂ ਵੱਲੋਂ ਕੀਤੀ ਜਾਂਦੀ ਲੁੱਟ ਬੰਦ ਹੋਵੇਗੀ: ਬਣਾਂਵਾਲੀ
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਤੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਹਿਲਾਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਹੀ ਇਸ ਰੂਟ ਉਤੇ ਬੱਸਾਂ ਚਲਾ ਰਿਹਾ ਸੀ ਅਤੇ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਸੁਪਰ ਲਗਜ਼ਰੀ ਬੱਸਾਂ ਚਲਾਏਗੀ ਜੋ ਪ੍ਰਾਈਵੇਟ ਟਰਾਂਸਪੋਰਟਰਾਂ ਤੋਂ ਅੱਧੇ ਤੋਂ ਵੀ ਘੱਟ ਕਿਰਾਇਆ ਵਸੂਲੇਗੀ ਅਤੇ ਉਨ੍ਹਾਂ ਨਾਲੋਂ ਮੁਸਾਫਰਾਂ ਨੂੰ ਦੁੱਗਣੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।