ਖੇਤਰੀ ਪ੍ਰਤੀਨਿਧ
ਬਰਨਾਲਾ, 1 ਨਵੰਬਰ
ਕੌਮਾਂਤਰੀ ਕਲਾਕਾਰ ਸੰਗਮ ਪੰਜਾਬ ਦਾ ਸਾਲਾਨਾ ਸੂਬਾਈ ਸਾਹਿਤਕ ਸਨਮਾਨ ਸਮਾਗਮ ਇੱਥੇ ਪੱਤੀ ਰੋਡ ਸਥਿਤ ‘ਕਲਾਕਾਰ ਭਵਨ’ ਵਿਚ ਹੋਇਆ। ਇਸ ਮੌਕੇ ਕਰਨਲ ਭੱਠਲ ਕਲਾਕਾਰ ਸਾਹਿਤਕ ਪੁਰਸਕਾਰ-2022 ਸਰਬਾਂਗੀ ਲੇਖਕ ਸੁਖਮਿੰਦਰ ਸੇਖੋਂ ਨੂੰ ਦਿੱਤਾ ਗਿਆ ਜਿਸ ਵਿਚ 21000 ਰੁਪਏ ਨਗਦ, ਸਨਮਾਨ ਪੱਤਰ, ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਸੋਲਵੇਂ ਭਾਈ ਘਨ੍ਹੱਈਆ ਨਿਸ਼ਕਾਮ ਸੇਵਾ ਸਨਮਾਨ-2022 ਨਾਲ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਨੂੰ ਨਿਵਾਜਿਆ ਗਿਆ।
ਸ਼ਾਇਰ ਪ੍ਰੋ. ਰਾਵਿੰਦਰ ਭੱਠਲ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਦਰਸ਼ਨ ਬੁੱਟਰ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ) ਤੇ ਡਾ. ਗੁਰਇਕਬਾਲ ਸਿੰਘ (ਜਨਰਲ ਸਕੱਤਰ ਸਾਹਿਤ ਅਕਾਦਮੀ) ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਪਰਮਜੀਤ ਮਾਨ, ਡਾ. ਜੋਗਿੰਦਰ ਨਿਰਾਲਾ ਤੇ ਸ਼੍ਰੋਮਣੀ ਸਾਹਿਤਕ ਪੱਤਰਕਾਰ ਕੰਵਰਜੀਤ ਭੱਠਲ ਸ਼ਾਮਲ ਹੋਏ। ਇਸ ਮੌਕੇ ਪ੍ਰੋ. ਰਾਵਿੰਦਰ ਭੱਠਲ ਨੇ ਕਵਿਤਾ ‘ਮਾਂ’ ਸਾਂਝੀ ਕੀਤੀ। ਕੰਵਰਜੀਤ ਭੱਠਲ ਨੇ ਆਖਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਅਜਿਹੇ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਹੜੇ ਆਪਣੀ ਕਾਬਲੀਅਤ ਤੇ ਸਮਰੱਥਾ ਦੇ ਬਾਵਜੂਦ ਸਰਕਾਰਾਂ ਤੇ ਸਾਹਿਤਕ ਅਥਾਰਟੀਆਂ ਵੱਲੋਂ ਅਕਸਰ ਅਣਗੌਲੇ ਜਾਂਦੇ ਹਨ। ਇਸੇ ਲੜੀ ਤਹਿਤ ਪਿਛਲੇ ਕਈ ਸਾਲਾਂ ਤੋਂ ਕਵੀਆਂ, ਕਹਾਣੀਕਾਰਾਂ, ਪੱਤਰਕਾਰਾਂ, ਆਲੋਚਕਾਂ ਨੂੰ ਕਰਨਲ ਭੱਠਲ ਕਲਾਕਾਰ ਸਾਹਿਤਕ ਪੁਰਸਕਾਰਾਂ ਨਾਲ ਨਿਵਾਜਿਆ ਜਾ ਰਿਹਾ ਹੈ। ਇਸ ਮੌਕੇ ‘ਕਲਾਕਾਰ’ ਦਾ 138ਵਾਂ ਅੰਕ ਤੇ ਡਾ. ਉਜਾਗਰ ਸਿੰਘ ਮਾਨ ਦੀ ਕਾਵਿ ਪੁਸਤਕ ‘ਅੱਲੜ੍ਹ ਵਰੇਸ’ ਵੀ ਲੋਕ ਅਰਪਣ ਕੀਤੇ ਗਏ।