ਇਕਬਾਲ ਸਿੰਘ ਸ਼ਾਂਤ
ਲੰਬੀ, 31 ਜੁਲਾਈ
ਲੰਬੀ ਹਲਕੇ ‘ਚ ਮੀਂਹ ਪ੍ਰਭਾਵਿਤ ਪਿੰਡਾਂ ‘ਚ ਦੌਰੇ ਮੌਕੇ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਮੀਂਹ ਪ੍ਰਭਾਵਿਤ ਲੋਕਾਂ ਦੀ ਮੁਸ਼ਕਿਲ ਘੜੀ ‘ਚ ਖੜ੍ਹਨ ਵਿੱਚ ਫੇਲ੍ਹ ਸਾਬਤ ਹੋਈ ਹੈ। ਵੱਡੇ ਬਹੁਮਤ ਨਾਲ ਆਪ ਸਰਕਾਰ ਬਣਾਉਣ ਵਾਲੇ ਲੋਕ ਅੱਜ ਖੁਦ ਨੂੰ ਲਾਵਾਰਸ ਮਹਿਸੂਸ ਕਰ ਰਹੇ ਹਨ। ਮੀਂਹਾਂ ਦੇ ਦਸ ਦਿਨ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਇੱਕ ਦਿਨ ਗੇੜਾ ਲਗਾ ਕੇ ਚਲੇ ਗਏ। ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਕੋਈ ਨਹੀਂ ਪੁੱਜਿਆ। ਅਕਾਲੀ ਦਲ ਦੇ ਪ੍ਰਧਾਨ ਅੱਜ ਪਹਿਲਾਂ ਲਾਲਬਾਈ ਪਿੰਡ ਪੁੱਜੇ। ਲਗਾਤਾਰ ਮੀਂਹ ਨਾਲ ਲਾਲਬਾਈ ਦੇ ਕਾਫ਼ੀ ਗਿਣਤੀ ਘਰਾਂ ਅਤੇ ਗੁਰਦੁਆਰੇ ਪਾਣੀ ਵੜਿਆ ਹੋਇਆ ਹੈ। ਇਸ ਮੌਕੇ ਸ੍ਰੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਲੰਬੀ, ਮਲੋਟ ਅਤੇ ਬੱਲੂਆਣਾ ਹਲਕਿਆਂ ‘ਚ ਹਜ਼ਾਰਾਂ ਏਕੜ ਖੇਤੀ ਰਕਬਾ ਪਾਣੀ ਦੀ ਮਾਰ ਹੇਠ ਹੈ। ਵੱਡੀ ਗਿਣਤੀ ‘ਚ ਪਿੰਡਾਂ ਵਿੱਚ ਮਕਾਨ ਡਿੱਗਣ ਕਰਕੇ ਲੋਕ ਛੱਤ ਦਾ ਆਸਰਾ ਤੱਕ ਗੁਆ ਚੁੱਕੇ ਹਨ। ਸਰਕਾਰ ਨੇ ਨਾ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਕਰਵਾਈ ਅਤੇ ਨਾ ਹੀ ਪਿੰਡਾਂ ‘ਚ ਨਿਕਾਸੀ ਮੋਟਰਾਂ ਦੀ ਦਰੁਸਤੀ ਨਹੀਂ ਕੀਤੀ ਗਈ। ਇਸੇ ਕਾਰਨ ਮੀਂਹਾਂ ਨਾਲ ਵੱਡਾ ਨੁਕਸਾਨ ਹੋਇਆ। ਸੂਬਾ ਸਰਕਾਰ ਨੂੰ ਹੁਣ ਤੱਕ ਵਿਸ਼ੇਸ਼ ਗਿਰਦਾਵਰੀ ਕਰਵਾ ਮੁਆਵਜ਼ਾ ਲੋਕਾਂ ਤੱਕ ਪਹੁੰਚਾ ਦੇਣਾ ਚਾਹੀਦਾ ਸੀ। ਡਿੱਗੇ ਮਕਾਨਾਂ ਦੇ ਪੀੜਤ ਲਈ ਵਿਸ਼ੇਸ਼ ਉਪਰਾਲੇ ਕਰ ਦਿੱਤੇ ਜਾਣੇ ਸਨ। ਉਨ੍ਹਾਂ ਪਿੰਡ ਥਰਾਜਾਵਾਲਾ, ਪੱਕੀ ਟਿੱਬੀ, ਕਬਰਵਾਲਾ, ਕਰਮਗੜ੍ਹ, ਬੋਦੀਵਾਲਾ, ਮਿੱਡਾ ਅਤੇ ਪੰਨੀਵਾਲਾ ਫੱਤਾ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕੀਤੀ। ਸ੍ਰੀ ਸੁਖਬੀਰ ਸਿੰਘ ਨੇ ਐਮਪੀ ਫੰਡ ਵਿੱਚ ਹਰ ਸੰਭਵ ਮੱਦਦ ਦਾ ਐਲਾਨ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਬਨਵਾਲਾ, ਗੋਲਡੀ ਅਬੁੱਲਖੁਰਾਣਾ, ਰਾਜਬੀਰ ਸਿੰਘ ਲਾਲਬਾਈ, ਰਣਯੋਧ ਸਿੰਘ ਲੰਬੀ, ਨੀਟੂ ਤੱਪਾਖੇੜਾ, ਅਕਾਸ਼ਦੀਪ ਮਿੱਡੂਖੇੜਾ, ਸਮੇਤ ਹੋਰਨਾਂ ਆਗੂ ਮੌਜੂਦ ਸਨ।