ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 9 ਦਸੰਬਰ
ਕੌਮੀ ਨਿਸ਼ਾਨੇਬਾਜ਼ ਖੁਸ਼ਸੀਰਤ ਸੰਧੂ ਨੇ ਇੱਥੇ ਹਰਿੰਦਰਾ ਨਗਰ ਵਿੱਚ ਦੇਰ ਰਾਤ ਖੁਦਕੁਸ਼ੀ ਕਰ ਲਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਹੋਏ ਕੌਮੀ ਮੁਕਾਬਲਿਆਂ ਵਿੱਚ ਕੋਈ ਵੀ ਤਮਗਾ ਨਾ ਮਿਲਣ ਤੋਂ ਇਹ ਖਿਡਾਰਨ ਪ੍ਰੇਸ਼ਾਨ ਸੀ। ਪ੍ਰੋਫੈਸਰ ਹਰਬੰਸ ਸਿੰਘ ਨੇ ਦੱਸਿਆ ਕਿ ਖੁਸ਼ਸੀਰਤ ਸੰਧੂ (17) ਨੇ ਪਿਛਲੇ ਸਾਲ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ 11 ਮੈਡਲ ਜਿੱਤੇ ਸਨ ਅਤੇ ਇਸ ਵਾਰ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਖਤਮ ਹੋਏ ਨੈਸ਼ਨਲ ਕੈਂਪ ਵਿੱਚ ਕੋਈ ਖਾਸ ਸਫ਼ਲਤਾ ਨਹੀਂ ਮਿਲੀ ਜਿਸ ਕਰਕੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਢਾਈ ਸਾਲ ਪਹਿਲਾਂ ਆਪਣਾ ਖੇਡ ਕਰੀਅਰ ਸ਼ੁਰੂ ਕਰਨ ਵਾਲੀ ਖੁਸ਼ਸੀਰਤ ਨੇ ਹੁਣ 50 ਦੇ ਕਰੀਬ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮੁਕਾਬਲੇ ਜਿੱਤੇ ਹਨ ਅਤੇ ਇਹ ਖਿਡਾਰਨ ਹੁਣ ਉਲੰਪਿਕ ਵਿੱਚ ਮੈਡਲ ਜਿੱਤਣ ਲਈ ਅਭਿਆਸ ਕਰ ਰਹੀ ਸੀ। ਪ੍ਰੋਫੈਸਰ ਹਰਬੰਸ ਸਿੰਘ ਨੇ ਕਿਹਾ ਕਿ ਖੁਸ਼ਸੀਰਤ ਹੋਣਹਾਰ ਅਤੇ ਮਿਹਨਤੀ ਖਿਡਾਰਨ ਸੀ ਅਤੇ ਪਰੰਤੂ ਅਚਾਨਕ ਮਾਨਸਿਕ ਦਬਾਅ ਵਿੱਚ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ। ਬਾਸਕਟ ਬਾਲ ਦੇ ਕੌਮੀ ਖਿਡਾਰੀ ਗੁਰਦਿੱਤ ਸਿੰਘ ਸੇਖੋਂ ਅਤੇ ਮਾਰਕਫੈੱਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਹੋਣਹਾਰ ਖਿਡਾਰਣ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।