ਜਸਪ੍ਰੀਤ ਸੇਖੋਂ
ਮੰਡੀ ਲੱਖੇਵਾਲੀ, 16 ਜੂਨ
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਫ਼ਸਲਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਸਬਸਿਡੀ ’ਤੇ ਉਪਲੱਬਧ ਕਰਵਾਉਣ ਲਈ ਕਿਸਾਨਾਂ, ਰਜਿਸਟਰਡ ਸੁਸਾਇਟੀਆਂ ਅਤੇ ਗਰੁੱਪਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਸ ਲਈ 12 ਮਈ ਤੋਂ 26 ਮਈ ਤੱਕ ਦਾ ਸਮਾਂ ਦਿੱਤਾ ਗਿਆ ਸੀ। ਪਿੰਡ ਪੱਧਰ ’ਤੇ ਕਿਸਾਨਾਂ ਵੱਲੋਂ ਗਰੁੱਪ ਅਤੇ ਸੁਸਾਇਟੀਆਂ ਬਣਾ ਕੇ ਇਨ੍ਹਾਂ ਖੇਤੀ ਸੰਦਾਂ ਸਬੰਧੀ ਅਰਜ਼ੀਆਂ ਦੇਣ ਲਈ ਸੁਸਾਇਟੀ ਰਜਿਸਟਰੇਸ਼ਨ ਵਿਭਾਗ ਕੋਲੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਸੀ ਪਰ ਤਾਲਾਬੰਦੀ ਦੇ ਚਲਦੇ ਮਿਲੇ ਘੱਟ ਸਮੇਂ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੁਸਾਇਟੀ ਰਜਿਸਟਰੇਸ਼ਨ ਦੇ ਆਧਾਰ ’ਤੇ ਪੈਨ ਕਾਰਡ ਬਣਵਾਉਣ ਅਤੇ ਬੈਂਕ ਖਾਤਾ ਖੁੱਲ੍ਹਵਾਉਣ ਦੀ ਲੰਮੀ ਪ੍ਰਕਿਰਿਆ ਕਾਰਨ ਆਖਰੀ ਤਰੀਕ ਤੱਕ ਜ਼ਿਆਦਾਤਰ ਕਿਸਾਨ ਗਰੁੱਪ ਐਗਰੀ ਮਸ਼ੀਨਰੀ ਦੀ ਵੈੱਬ ਸਾਈਟ ’ਤੇ ਰਜਿਸਟਰੇਸ਼ਨ ਨਾ ਕਰ ਸਕਣ ਕਾਰਨ ਇਸ ਸਕੀਮ ਤੋਂ ਵਾਂਝੇ ਰਹਿ ਗਏ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਜਿਸਟਰੇਸ਼ਨ ਲਈ ਮੁੜ ਵੈੱਬ ਸਾਈਟ ਖੋਲ੍ਹੀ ਜਾਵੇ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਣ।