ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਮੰਦੀਬੁੱਧੀ ਲੜਕੀ ਜਬਰ ਜਨਾਹ ਕੇਸ ’ਚ ਅੱਜ ਐਡੀਸ਼ਨਲ ਸ਼ੈਸਨ ਕੋਰਟ ਨੇ ਮੁੱਖ ਮੁਲਜ਼ਮ ਸੁਮਿਤ ਕੁਮਾਰ ਮੰਗਲਾ ਦੀ ਮਾਂ ਸ੍ਰੀਮਤੀ ਕਿਰਨ ਮੰਗਲਾ ਨੂੰ ਰਾਹਤ ਨਹੀਂ ਦਿੱਤੀ। ਮਾਣਯੋਗ ਜੱਜ ਰਾਜੀਵ ਕਾਲੜਾ ਨੇ ਸ੍ਰੀਮਤੀ ਕਿਰਨਾ ਮੰਗਲਾ ਦੇ ਵਕੀਲ ਦੁਆਰਾ ਦਾਇਰ ਕੀਤੀ ਅਗਾਊਂ ਜਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਲਜ਼ਮ ਸੁਮਿਤ ਮੰਗਲਾ ਦੀ ਜ਼ਮਾਨਤ ਵੀ ਅਦਾਲਤ ਰੱਦ ਕਰ ਚੁੱਕੀ ਹੈ। ਕੋਟਕਪੂਰਾ ਸਿਟੀ ਥਾਣੇ ਅੰਦਰ ਲੰਘੀ 6 ਅਕਤੂਬਰ ਨੂੰ ਸ਼ਹਿਰ ਦੇ ਇਕ ਮੁਹੱਲੇ ’ਚ ਰਹਿਣ ਵਾਲੀ 23 ਸਾਲ ਦੀ ਮੰਦਬੁੱਧੀ ਲੜਕੀ ਨਾਲ ਜਬਰ ਜਨਾਹ ਦੀ ਘਟਨਾ ਵਾਪਰੀ ਸੀ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਸੀ। ਇਸ ਕੇਸ ਵਿਚ ਐਫਆਈਆਰ ਦੇ 50 ਦਿਨ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਪੁਲੀਸ ਸੁਮਿਤ ਮੰਗਲਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਲੋਕ ਰੋਹ ਨੂੰ ਵੇਖਦਿਆਂ ਜ਼ਿਲ੍ਹਾ ਪੁਲੀਸ ਵੱਲੋਂ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਹੋਈ ਹੈ ਪਰ ਇਸ ਮਾਮਲੇ ’ਚ ਹੁਣ ਤੱਕ ਦੀ ਅਸਫਲਤਾ ਪੁਲੀਸ ਦੀ ਭੂਮਿਕਾ ’ਤੇ ਸ਼ੱਕ ਪੈਦਾ ਕਰਦੀ ਹੈ।