ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 27 ਨਵੰਬਰ
ਪੰਜਾਬ ਯੂਨੀਵਰਸਿਟੀ ਦੇ ਇਥੇ ਸਥਿਤ ਰਿਜਨਲ ਸੈਂਟਰ ਦੀ ਅਤਿ ਖਸਤਾ ਹਾਲਤ ਤੋਂ ਪ੍ਰੇਸ਼ਾਨ ਵਿਦਿਆਰਥੀ ਤੇ ਸੈਂਟਰ ਦੇ ਡਾਇਰੈਕਟਰ ਡਾ. ਬਲਜਿੰਦਰ ਕੌਰ ਅੱਜ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲੇ। ਉਨ੍ਹਾਂ ਕਿਹਾ ਕਿ ਸੈਂਟਰ ਲਈ ਕਰੀਬ 5 ਏਕੜ ਜ਼ਮੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਅਤੇ ਸਰਕਾਰ ਕਾਲਜ ਕੰਪਲੈਕਸ ਵਿੱਚ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੀ ਹੋਈ ਹੈ ਜਿਸ ਦੀ ਕਾਗਜ਼ੀ ਕਾਰਵਾਈ ਮੁਕੰਮਲ ਹੈ ਅਤੇ ਚਾਰਦੀਵਾਰੀ ਵੀ ਕੀਤੀ ਹੋਈ ਹੈ। ਹੁਣ ਇਮਾਰਤ ਦੇ ਨਿਰਮਾਣ ਲਈ ਫੰਡ ਦੀ ਜ਼ਰੂਰਤ ਹੈ। ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਮੋਗਾ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਦੇ ਵਿਦਿਆਰਥੀਆਂ ਲਈ ਇਹ ਇਕੋ-ਇਕ ਯੂਨੀਵਰਸਿਟੀ ਸਿੱਖਿਆ ਦਾ ਕੇਂਦਰ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਸੈਂਟਰ ਇਕ ਬਹੁਤ ਛੋਟੀ ਤੇ ਖਸਤਾ ਹਾਲ ਕਿਰਾਏ ਦੀ ਇਮਾਰਤ ਵਿੱਚ ਚੱਲ ਰਿਹਾ ਹੈ। ਕਈ ਕਮਰਿਆਂ ਦੀ ਛੱਤਾਂ ਢਹਿ ਗਈਆਂ ਹਨ। ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਹ ਸੈਂਟਰ ਦੀ ਨਵੀਂ ਇਮਾਰਤ ਦੇ ਨਿਰਮਾਣ ਲਈ ਫੰਡ ਜਾਰੀ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕਰਨਗੇ। ਉਨ੍ਹਾਂ ਜਲਦੀ ਹੀ ਸੈਂਟਰ ਦਾ ਦੌਰਾ ਕਰਨ ਦਾ ਵੀ ਭਰੋਸਾ ਦਿੱਤਾ।
ਸੈਨੇਟ ਮੈਂਬਰਾਂ ਨੇ ਵੀ ਦਿੱਤਾ ਭਰੋਸਾ
ਸੈਨੇਟ ਮੈਂਬਰ ਕਪਿਲ ਸ਼ਰਮਾ ਅਤੇ ਸੰਦੀਪ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਮੁਖਤਾ ਰਿਜਨਲ ਸੈਂਟਰ ਦੇ ਨਿਰਮਾਣ ਦੀ ਹੈ। ਇਸ ਲਈ ਉਹ ਹੋਰਨਾਂ ਸੈਨੇਟਰਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਜਦੋਂ ਹੀ ਉਨ੍ਹਾਂ ਦੀ ਨੋਟੀਫਿਕੇਸ਼ਨ ਹੋ ਗਈ ਤਾਂ ਪਹਿਲੀ ਬੈਠਕ ਵਿੱਚ ਹੀ ਉਹ ਸੈਂਟਰ ਦੇ ਨਿਰਮਾਣ ਦਾ ਮੁੱਦਾ ਉਭਾਰ ਕੇ ਪੂਰਾ ਕਰਨ ਲਈ ਯਤਨਗੇ।