ਸ਼ਗਨ ਕਟਾਰੀਆ
ਜੈਤੋ, 27 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਕਥਿਤ ਫ਼ਿਰਕੂ ਰਾਜਨੀਤੀ ਕਰਕੇ ਦੇਸ਼ ’ਤੇ ਭਗਵਾਂ ਰੰਗ ਚਾੜ੍ਹੇ ਜਾਣ ਵਾਲੀਆਂ ਤਾਕਤਾਂ ਖ਼ਿਲਾਫ਼ ਇੱਥੇ ਯੂਨੀਵਰਸਿਟੀ ਕਾਲਜ ਵਿਚ ਰੋਸ ਰੈਲੀ ਕੀਤੀ। ਵਿਦਿਆਰਥੀ ਆਗੂਆਂ ਨੇ ਜਮਹੂਰੀਅਤ ਪਸੰਦ ਸੰਗਠਨਾਂ ਅਤੇ ਵਿਅਕਤੀਆਂ ਨੂੰ ਇਸ ਹੱਲੇ ਵਿਰੁੱਧ ਇੱਕਜੁੱਟ ਹੋ ਕੇ ਆਵਾਜ਼ ਉਠਾਉਣ ਦੀ ਪੁਰਜ਼ੋਰ ਅਪੀਲ ਕੀਤੀ। ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਗਗਨਦੀਪ ਦਬੜ੍ਹੀਖਾਨਾ ਅਤੇ ਰਵਿੰਦਰ ਸੇਵੇਵਾਲਾ ਨੇ ਦੋਸ਼ ਲਾਇਆ ਕਿ ਆਰਐੱਸਐੱਸ ਅਤੇ ਭਾਜਪਾ ਵੱਲੋਂ ਨਫ਼ਰਤ ਦੀ ਸਿਆਸਤ ਕਰਦਿਆਂ ਮੁਲਕ ਨੂੰ ਫ਼ਿਰਕੂ ਅੱਗ ਵਿੱਚ ਝੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ’ਤੇ ਯੋਜਨਾਬੱਧ ਹਮਲੇ ਕਰਵਾਏ ਜਾ ਰਹੇ ਹਨ ਅਤੇ ਪੀੜਤ ਧਿਰ ਅਤੇ ਉਨ੍ਹਾਂ ਲਈ ਆਵਾਜ਼ ਬਣਨ ਵਾਲੇ ਧਰਮ ਨਿਰਪੱਖ ਬੁੱਧੀਜੀਵੀ ਤੇ ਚਿੰਤਕਾਂ ਨੂੰ ਝੂਠੇ ਕੇਸਾਂ ’ਚ ਉਲਝਾ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ।
ਵਿਦਿਆਰਥੀਆਂ ਵੱਲੋਂ ਭਾਜਪਾ ਦੀ ਨਿਖੇਧੀ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਟੀਪੀਡੀ ਮਾਲਵਾ ਕਾਲਜ ਵਿੱਚ ਪੀਐੱਸਯੂ (ਸ਼ਹੀਦ ਰੰਧਾਵਾ) ਦੇ ਸੱਦੇ ’ਤੇ ਕਾਲਜ ਕਮੇਟੀ ਪੀ.ਐੱਸ.ਯੂ ਸ਼ਹੀਦ ਰੰਧਾਵਾ ਦੀ ਅਗਵਾਈ ਹੇਠ ਦੇਸ ਭਰ ’ਚ ਭਾਜਪਾ ਵੱਲੋਂ ਮੁਸਲਿਮ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਫਿਰਕੂ ਹਮਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਮੇਟੀ ਆਗੂ ਬਲਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਫਿਰਕੂ ਤਾਕਤਾਂ ਦੇਸ਼ ਅੰਦਰ ਫੇਰ 1947 ਵਾਲਾ ਮਾਹੌਲ ਬਣਾ ਕੇ ਲੋਕ ਲਹਿਰਾਂ ਨੂੰ ਕੁਚਲਣਾ ਚਾਹੁੰਦੀਆਂ ਹਨ, ਜਿਸ ਕਰਕੇ ਸਾਰੇ ਲੋਕਾਂ ਨੂੰ ਇਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਕਮੇਟੀ ਆਗੂ ਕਾਲਾ ਸਿੰਘ ਨੇ ਆਰਐੱਸਐੱਸ ਤੇ ਭਾਜਪਾ ਦੀ ਨਿਖੇਧੀ ਕੀਤੀ।