ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 8 ਅਪਰੈਲ
ਨੌਜਵਾਨ ਭਾਰਤ ਸਭਾ ਅਤੇ ਵਿਦਿਆਰਥੀ ਏਕਤਾ ਕਮੇਟੀ ਨੇ ਅੱਜ ਪਿੰਡ ਘੁੱਦਾ ਵਿੱਚ ਪੰਜਾਬ ਸਰਕਾਰ ਵੱਲੋਂ ਵਿੱਦਿਅਕ ਅਦਾਰੇ ਬੰਦ ਕੀਤੇ ਜਾਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਦੀਆਂ ਕਾਪੀਆਂ ਸਾੜੀਆਂ ਗਈਆਂ।
ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ ਕੋਟਗੁਰੂ ਅਤੇ ਸਭਾ ਦੇ ਆਗੂ ਜਸਕਰਨ ਕੋਟਗੁਰੂ ਨੇ ਕਿਹਾ ਕਿ ਕਰੋਨਾ ਦੀ ਆੜ ਵਿਚ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਫ਼ੈਸਲਾ ਸਿੱਖਿਆ ਦਾ ਉਜਾੜਾ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਦਿਆਰਥੀ ਜਥੇਬੰਦੀਆਂ ਦੇ ਸੱਦੇ ’ਤੇ ਵਿਦਿਆਰਥੀ ਤੇ ਹੋਰ ਕਰਮਚਾਰੀ ਵਿੱਦਿਅਕ ਅਦਾਰਿਆਂ ਨੂੰ ਖੁੱਲ੍ਹਵਾਉਣ ਲਈ ਸੜਕਾਂ ’ਤੇ ਆਏ ਹਨ। ਪ੍ਰਦਰਸ਼ਨ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਗੇਟ ਤੋਂ ਬੱਸ ਸਟੈਂਡ ਤੱਕ ਮਾਰਚ ਕੀਤਾ ਗਿਆ ਤੇ ‘ਨਵੀਂ ਸਿੱਖਿਆ ਨੀਤੀ ਰੱਦ ਕਰੋ’ ਦੇ ਨਾਅਰੇ ਲਾਏ ਗਏ। ਇਸ ਮੌਕੇ ਰੰਗ ਦੇ ਬਸੰਤੀ ਨਾਟਕ ਟੀਮ ਬਠਿੰਡਾ ਵੱਲੋਂ ‘ਡਰਨਾ’ ਨਾਟਕ ਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਨੇੜਲੇ ਪਿੰਡ ਮਲਕਪੁਰ ਖਿਆਲਾਂ ਵਿੱਚ ਸਕੂਲ-ਕਾਲਜ ਖੁੱਲ੍ਹਵਾਉਣ ਅਤੇ ਨਵੀਂ ਸਿੱਖਿਆ ਨੀਤੀ ਦੇ ਵਿਰੋਧ ਵਿੱਚ ਰੋਸ ਹਫ਼ਤਾ ਮਨਾਉਂਦਿਆਂ ਵਿਦਿਆਰਥੀਆਂ, ਕਿਸਾਨਾਂ ਅਤੇ ਅਧਿਆਪਕਾਂ ਵੱਲੋਂ ਵਿਰੋਧ ਰੋਸ ਪ੍ਰਦਰਸ਼ਨ ਕਰਦਿਆਂ ਲੌਕਡਾਊਨ ਸਬੰਧੀ ਫੁਰਮਾਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਦੌਰਾਨ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ, ਡੀਟੀਐੱਫ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭਜਨ ਸਿੰਘ ਘੁੰਮਣ ਨੇ ਸੰਬੋਧਨ ਕੀਤਾ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਸਰਕਾਰ ਵੱਲੋਂ ਬੰਦ ਕੀਤੇ ਗਏ ਸਕੂਲਾਂ ਨੂੰ ਖੁੱਲ੍ਹਵਾਉਣ ਲਈ ਚੱਲ ਰਹੇ ਸੰਘਰਸ਼ਾਂ ਤਹਿਤ ਅੱਜ ਪਿੰਡ ਕਿਸ਼ਨਗੜ੍ਹ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕੇ ਸਰਕਾਰ ਕਰੋਨਾ ਦੇ ਨਾਮ ’ਤੇ ਸਕੂਲ ਬੰਦ ਕਰ ਰਹੀ ਹੈਂ ਪਰ ਠੇਕੇ ਖੁੱਲ੍ਹੇ ਹਨ। ਇਸ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਪੰਜਾਬ ਸਰਕਾਰ ਵੱਲੋਂ ਵਿੱਦਿਅਕ ਅਦਾਰੇ ਬੰਦ ਕਰਨ ਵਿਰੁੱਧ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜਨਰਲ ਸਕੱਤਰ ਕੁਲਵੰਤ ਸਿੰਘ ਸੇਲਬਰਾਹ ਦੀ ਅਗਵਾਈ ਹੇਠ ਸੇਲਬਰਾਹ ਦੇ ਬੱਸ ਸਟੈਂਡ ’ਤੇ ਰੈਲੀ ਕੀਤੀ ਗਈ। ਇਸ ਦੌਰਾਨ ਜਥੇਬੰਦੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੇਲਬਰਾਹ ਨੇ ਸੰਬੋਧਨ ਕੀਤਾ।