ਅਸ਼ੋਕ ਸੀਕਰੀ
ਗੁਰੂਹਰਸਹਾਏ, 6 ਸਤੰਬਰ
ਪ੍ਰੋਫ਼ੈਸਰ ਮੁਹੰਮਦ ਸਾਜਿਦ ਨੂੰ ਇਨਸਾਫ ਦਿਵਾਉਣ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਹੀਦ ਊਧਮ ਸਿੰਘ ਕਾਲਜ ਦੇ ਵਿਦਿਆਰਥੀਆਂ ਨੇ ਅੱਜ ਫਿਰੋਜ਼ਪੁਰ-ਫਾਜ਼ਿਲਕਾ ਸ਼ਾਹਰਾਹ ’ਤੇ ਜਾਮ ਲਾਇਆ ਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ, ਪੁਲੀਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸ਼ਹੀਦ ਊਧਮ ਸਿੰਘ ਕਾਲਜ ਦੇ ਕਾਮਰਸ ਦੇ ਪ੍ਰੋਫੈਸਰ ਮੁਹੰਮਦ ਸਾਜਿਦ ਦੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਕਾਲਜ ਪ੍ਰਸ਼ਾਸਨ ਅਤੇ ਸਮੂਹ ਵਿਦਿਆਰਥੀਆਂ ਨੇ ਇਸ ਘਟਨਾ ਦੀ ਸ਼ਿਕਾਇਤ ਥਾਣਾ ਅਮੀਰ ਖਾਸ ਵਿਖੇ ਕਰਵਾਈ ਸੀ। ਕਈ ਦਿਨ ਲੰਘ ਜਾਣ ਦੇ ਬਾਵਜੂਦ ਪੁਲੀਸ ਨੇ ਸ਼ਿਕਾਇਤ ਨੂੰ ਗੰਭੀਰਤ ਨਾਲ ਨਹੀਂ ਲਿਆ ਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਰੋਸ ਵਜੋਂ ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ ’ਤੇ ਜਾਮ ਲਾਇਆ ਤੇ ਧਰਨਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪ੍ਰੋਫੈਸਰ ਨੂੰ ਇਨਸਾਫ ਦਿੱਤਾ ਜਾਵੇ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਮ ਦਾ ਪਤਾ ਲੱਗਦੇ ਹੀ ਐੱਸ.ਡੀ.ਐੱਮ ਗੁਰੂਹਰਸਹਾਏ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਡੀਐੱਸਪੀ ਗੁਰੂਹਰਸਹਾਏ ਨੇ ਮੌਕੇ ’ਤੇ ਪੁੱਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਮੁਲਜ਼ਮਾਂ ਖ਼ਿਲਾਫ਼ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਵਿਦਿਆਰਥੀਆਂ ਨੇ ਧਰਨਾ ਚੁੱਕ ਲਿਆ।