ਪੱਤਰ ਪ੍ਰੇਰਕ
ਸਰਦੂਲਗੜ੍ਹ, 20 ਜੂਨ
ਦੇਸ਼ ਵਿੱਚ ਕਰੋਨਾ ਮਹਾਮਾਰੀ ਵੱਡਾ ਰੂਪ ਧਾਰਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਲਗਪਗ ਤਿੰਨ ਮਹੀਨਿਆਂ ਤੋਂ ਵਿਦਿਅਕ ਸੰਸਥਾਵਾਂ ਬੰਦ ਹਨ। ਇਸ ਦੇ ਬਾਵਜੂਦ ਸਰਦੂਲਗੜ੍ਹ ਪੁਲੀਸ ਪ੍ਰਸ਼ਾਸਨ ਨੇ ਨਿੱਜੀ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਅੱਜ ਸ਼ਹਿਰ ਵਿੱਚ ਰੈਲੀ ਕੱਢੀ। ਹਾਲਾਂਕਿ ਸ਼ਹਿਰ ਵਿੱਚ ਬੀਤੇ ਦਿਨੀਂ ਇੱਕ ਕਰੋਨਾ ਦਾ ਕੇਸ ਵੀ ਸਾਹਮਣੇ ਆ ਚੁੱਕਿਆ ਹੈ ਅਤੇ ਸ਼ਹਿਰ ਦਾ ਵਾਰਡ ਨੰਬਰ-4 ਸੀਲ ਹੈ। ਰੈਲੀ ਦੌਰਾਨ ਵਿਦਿਆਰਥੀਆਂ ਨੇ ਵਰਦੀ ਪਹਿਨੀ ਹੋਈ ਸੀ ਅਤੇ ਸਕੂਲ ਦੇ ਨਾਮ ਦਾ ਬੋਰਡ ਹੱਥਾਂ ’ਚ ਫੜਿਆ ਹੋਇਆ ਸੀ। ਪੁਲੀਸ ਦੀ ਇਸ ਕਾਰਵਾਈ ਤੋਂ ਵਿਦਿਆਰਥੀਆਂ ਦੇ ਮਾਪੇ ਸਹਿਮੇ ਹੋਏ ਹਨ। ਫਿਰ ਸਰਦੂਲਗੜ੍ਹ ਪੁਲੀਸ ਦੀ ਅਜਿਹੀ ਕੀ ਮਜਬੂਰੀ ਸੀ ਕਿ ਉਨ੍ਹਾਂ ਜੋਖਮ ਦੀ ਪ੍ਰਵਾਹ ਨਾ ਕਰਦਿਆਂ ਵਿਦਿਆਰਥੀਆਂ ਨੂੰ ਰੈਲੀ ਵਿੱਚ ਸ਼ਾਮਲ ਕੀਤਾ। ਇਸ ਸਬੰਧਿਤ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਕਿਹਾ ਕਿ ਡੀਐੱਸਪੀ ਸਰਦੂਲਗੜ੍ਹ ਦੇ ਕਹਿਣ ’ਤੇ ਉਨ੍ਹਾਂ ਨੇ ਵਿਦਿਆਰਥੀ ਰੈਲੀ ਵਿੱਚ ਭੇਜੇ ਸਨ। ਇਸ ਸਬੰਧੀ ਮਾਨਸਾ ਦੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰਪਾਲ ਨੇ ਕਿਹਾ ਕਿ ਉਹ ਮਾਮਲੇ ਦਾ ਪਤਾ ਲਾਉਣਗੇ। ਜੇਕਰ ਵਿਦਿਆਰਥੀ ਰੈਲੀ ਵਿੱਚ ਸ਼ਾਮਲ ਹੋਏ ਸਨ, ਤਾਂ ਪੁਲੀਸ ਵੱਲੋਂ ਹਦਾਇਤਾਂ ਦਾ ਪਾਲਣਾ ਕੀਤਾ ਗਿਆ ਹੋਵੇਗਾ।
ਝੁਨੀਰ (ਨਿੱਜੀ ਪੱਤਰ ਪੇਰਕ) : ਪੰਜਾਬ ਨੂੰ ਕਰੋਨਾ ਮੁਕਤ ਦੇ ਮੰਤਵ ਨਾਲ ਚਲਾਏ ‘ਮਿਸ਼ਨ ਫਤਿਹ’ ਤਹਿਤ ਇੱਥੇ ਕਸਬੇ ਵਿੱਚ ਥਾਣਾ ਮੁਖੀ ਗਗਨਦੀਪ ਸਿੰਘ ਦੀ ਅਗਵਾਈ ਵਿੱਚ ਪੈਦਲ ਮਾਰਚ ਕੱਢਿਆ ਗਿਆ। ਉਨ੍ਹਾਂ ਮਾਰਚ ਦੌਰਾਨ ਆਮ ਲੋਕਾਂ ਨੂੰ ਮੁਫ਼ਤ ਮਾਸਕ ਵੰਡੇ। ਇਸ ਮੌਕੇ ਏਐੱਸਆਈ ਪਰਮਜੀਤ ਸਿੰਘ, ਬਲਵਿੰਦਰ ਸਿੰਘ, ਹੌਲਦਾਰ ਜਸਪ੍ਰੀਤ ਸਿੰਘ ਸੇਖੋਂ, ਕੁਲਦੀਪ ਸਿੰਘ ਅਤੇ ਲਖਵਿੰਦਰ ਸਿੰਘ ਹਾਜ਼ਰ ਸਨ।
ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਮਿਸ਼ਨ ‘ਫਤਿਹ’ ਤਹਿਤ ਫਰੀਦਕੋਟ ਪ੍ਰਬੰਧਕੀ ਕੰਪਲੈਕਸ ਤੋਂ ਪੂਰੇ ਜ਼ਿਲ੍ਹੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ ਜਿਸ ਨੂੰ ਐੱਸਐੱਸਪੀ ਸਵਰਨਦੀਪ ਸਿੰਘ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਐੱਸਪੀ(ਐੱਚ), ਸੇਵਾ ਸਿੰਘ ਮੱਲੀ ਐਸਪੀ, ਜਸਵੀਰ ਸਿੰਘ ਪੰਨੂ ਡੀਐੱਸਪੀ, ਸਤਵਿੰਦਰ ਸਿੰਘ ਵਿਰਕ ਡੀਐੱਸਪੀ ਅਤੇ ਰਾਜੇਸ਼ ਕੁਮਾਰ ਐਸਐਚਓ ਸਿਟੀ ਹਾਜ਼ਰ ਸਨ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਲੋਕਾਂ ਨੂੰ ਕਰੋਨਾ ਦੀ ਲਾਗ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਅਤੇ ਚੀਫ ਜੂਡੀਸ਼ਲ ਮੈਜਿਸਟਰੇਟ ਅਨਮੋਲ ਸਿੰਘ ਨਾਇਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਜ਼ਰੀਏ ਕਰੀਬ 2500 ਲੋਕਾਂ ਨੂੰ ਕੋਵਿਡ-19 ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ।