ਪੱਤਰ ਪ੍ਰੇਰਕ
ਜੈਤੋ, 24 ਮਈ
ਇੱਥੇ ਯੂਨੀਵਰਸਿਟੀ ਕਾਲਜ ’ਚ ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ ਪੀਐੱਸਯੂ ਦੇ ਆਗੂ ਗਗਨਦੀਪ ਦਬੜ੍ਹੀਖਾਨਾ, ਰਵਿੰਦਰ ਸੇਵੇਵਾਲਾ, ਧੰਨ ਸਿੰਘ ਕਰੀਰਵਾਲੀ ਤੇ ਰਣਜੀਤ ਬਿਸ਼ਨੰਦੀ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਅਤੇ ਗ਼ਦਰੀ ਬਾਬਿਆਂ ਨੇ ਫ਼ਿਰਕਾਪ੍ਰਸਤੀ ਭਾਂਜ ਦੇ ਕੇ ਵੱਖ-ਵੱਖ ਧਰਮਾਂ ਦੇ ਭਾਰਤੀ ਲੋਕਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਕੀਤਾ। ਇਨ੍ਹਾਂ ਲੋਕਾਂ ਨੇ ਹੀ ਸਾਮਰਾਜ ਵਿਰੋਧੀ ਸੰਘਰਸ਼ ਨੂੰ ਪ੍ਰਚੰਡ ਕਰ ਕੇ ਮੁਲਕ ਨੂੰ ਆਜ਼ਾਦੀ ਦੀ ਮੰਜ਼ਿਲ ਵੱਲ ਤੋਰਿਆ। ਉਨ੍ਹਾਂ ਕਿਹਾ ਕਿ ਅਜੋਕੇ ਹੁਕਮਰਾਨ ਲੋਕਾਂ ਨੂੰ ਧਰਮ ਦੇ ਨਾਮ ’ਤੇ ਮੁੜ ਲੜਾਉਣ ਦੀ ਕੋਸ਼ਿਸ਼ ’ਚ ਹਨ ਅਤੇ ਇਸ ਤਰ੍ਹਾਂ ਦੀਆਂ ਨੀਅਤਾਂ ਮੂੰਹ ਮੋੜਨ ਲਈ ਵਿਦਿਆਰਥੀਆਂ ਨੂੰ ਧਰਮ ਨਿਰਪੱਖ ਆਜ਼ਾਦੀ ਦੇ ਪ੍ਰਵਾਨਿਆਂ ਦੀ ਸੋਚ ਦੇ ਪਾਂਧੀ ਬਣਨਾ ਜ਼ਰੂਰੀ ਹੈ। ਇਸ ਮੌਕੇ ਗੁਰਵਿੰਦਰ ਜੈਤੋ, ਕਰਨ ਸ਼ਰਮਾ, ਰੀਆ, ਹਸਨ, ਅਨਮੋਲ, ਵਰਦੀਪ, ਰਾਮ ਕਰਨ, ਰਾਮ, ਆਕਾਸ਼, ਬੰਟੀ, ਗੁਰਦਾਸ, ਗੁਰਵਿੰਦਰ ਆਦਿ ਵਿਦਿਆਰਥੀਆਂ ਨੇ ਵੀ ਵਿਚਾਰ ਸਾਂਝੇ ਕੀਤੇ।
ਭਗਤਾ ਭਾਈ (ਪੱਤਰ ਪ੍ਰੇਰਕ): ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿੱਚ ਸਕੂਲ ਸਟਾਫ ਅਤੇ ਬੱਚਿਆਂ ਵੱਲੋਂ ਪ੍ਰਿੰਸੀਪਲ ਸੋਨੂ ਕੁਮਾਰ ਕਾਂਗੜ ਦੀ ਅਗਵਾਈ ਹੇਠ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਮਨਾਇਆ ਗਿਆ। ਪ੍ਰਿੰਸੀਪਲ ਸੋਨੂ ਕੁਮਾਰ ਕਾਂਗੜ ਅਤੇ ਧਾਰਮਿਕ ਵਿਸ਼ੇ ਦੇ ਅਧਿਆਪਕਾ ਪਲਵਿੰਦਰ ਕੌਰ ਜਲਾਲ ਨੇ ਬੱਚਿਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਬੱਚਿਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਸਬੰਧੀ ਆਪਣੇ ਵਿਚਾਰ ਅਤੇ ਕਵੀਸ਼ਰੀ ਪੇਸ਼ ਕੀਤੀ। ਸਕੂਲ ਪ੍ਰਬੰਧਕਾਂ ਵੱਲੋਂ ਕਵੀਸ਼ਰੀ ਸੁਣਾਉਣ ਵਾਲੇ ਬੱਚਿਆਂ ਡਿੰਪਲਪ੍ਰੀਤ ਕੌਰ, ਅਨਮੋਲਦੀਪ ਸਿੰਘ ਸੌਂਦ ਅਤੇ ਸ਼ਰਨ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸ਼ਹਿਣਾ (ਪੱਤਰ ਪ੍ਰੇਰਕ): ਨੌਜਵਾਨ ਸਭਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ ਸਭਾ ਦੇ ਆਗੂ ਦਲਜੀਤ ਸਿੰਘ, ਸੁਖਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਿਹੜੀ ਆਜ਼ਾਦੀ ਦਾ ਨਿੱਘ ਅਸੀਂ ਮਾਣ ਰਹੇ ਹਾਂ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਦੇਣ ਹੈ। ਇਸ ਦੌਰਾਨ ਪਿੰਡ ਮੌੜ, ਬੱਲੋਕੇ ਤੇ ਉੱਗੋਕੇ ਵਿੱਚ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ ਮਨਾਇਆ ਗਿਆ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਪ੍ਰਗਤੀਸ਼ੀਲ ਲੇਖਕ ਸੰਘ ਤੇ ਪੰਜਾਬੀ ਲੇਖਕ ਸਭਾ ਸਿਰਸਾ ਦੀ ਮੀਟਿੰਗ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕੀਤਾ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨ ’ਤੇ ਵਿਸਥਾਰ ਨਾਲ ਰੋਸ਼ਨੀ ਪਾਉਂਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਡਾ. ਹਰਵਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ 29 ਮਈ ਨੂੰ ਹੋਣ ਵਾਲੇ ਸਹਿਤਕ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਗਈ।