ਪੱਤਰ ਪ੍ਰੇਰਕ
ਮਾਨਸਾ, 28 ਫਰਵਰੀ
ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਥਾਪਤ ਕੀਤੇ ਗਏ ਈਵੀਐਮਜ਼ ਦੇੇ ਸਟਰਾਂਗ ਰੂਮਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਾਲਜ ਦੇ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਦਫ਼ਤਰੀ ਅਮਲੇ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਇਸ ਕਾਲਜ ਵਿੱਚ 1500 ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ, ਜਿਨ੍ਹਾਂ ਦੀ ਸੇਵਾ ਲਈ ਲਗਪਗ 40 ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਕੰਮ ਕਰ ਰਿਹਾ ਹੈ। ਬੇਸ਼ੱਕ ਕਾਲਜ ਦੇ ਪ੍ਰੋਫੈਸਰਾਂ ਨੂੰ ਮੁੱਖ ਗੇਟ ਰਾਹੀਂ ਦਾਖ਼ਲ ਤਾਂ ਹੋਣ ਦਿੱਤਾ ਜਾਂਦਾ ਹੈ, ਪਰ ਉਨ੍ਹਾਂ ਨੂੰ ਕਾਲਜ ਬਿਲਡਿੰਗ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਅਤੇ ਉਹ ਕਾਲਜ ਇਮਾਰਤ ਦੇ ਸਾਹਮਣੇ ਖਾਲੀ ਗਰਾਉੂਂਡ ਵਿੱਚ ਬੈਠਣ ਲਈ ਮਜਬੂਰ ਹਨ। ਕਾਲਜ ਵਿੱਚ ਇਸ ਨੌ ਐਂਟਰੀ ਨਾਲ ਬੱਚਿਆਂ ਦੀ ਪੜ੍ਹਾਈ-ਲਿਖਾਈ ਅਤੇ ਕਾਲਜ ਦਾ ਸਮੁੱਚਾ ਕੰਮ-ਕਾਜ ਪ੍ਰਭਾਵਤ ਹੋਣ ਲੱਗਿਆ ਹੈ।
ਦਿਲਚਸਪ ਗੱਲ ਹੈ ਕਿ ਇਸ 20 ਫਰਵਰੀ ਨੂੰ ਮਤਦਾਨ ਹੋਣ ਤੋਂ ਮਗਰੋਂ ਕਾਲਜ ਸਟਾਫ਼ ਨਿਰੰਤਰ ਕਾਲਜ ਵਿੱਚ ਆ ਰਿਹਾ ਸੀ, ਪ੍ਰੰਤੂ 25 ਫਰਵਰੀ ਨੂੰ ਜਦੋਂ ਕਾਲਜ ਸਟਾਫ਼ ਆਮ ਦਿਨਾਂ ਵਾਂਗ ਕਾਲਜ ਵਿਖੇ ਦਾਖ਼ਲ ਹੋਇਆ ਤਾਂ ਕਾਲਜ ਬਿਲਡਿੰਗ ਦੇ ਐਂਟਰੀ ਗੇਟ ’ਤੇ ਤਾਇਨਾਤ ਸੁਰੱਖਿਆ ਕਰਮੀਆਂ ਵੱਲੋਂ ਉਨ੍ਹਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਦੌਰਾਨ ਈਵੀਐਮਜ਼ ਦੇ ਰੱਖ-ਰਖਾਓ ਲਈ ਬਕਾਇਦਾ ਵੱਖਰੀਆਂ ਇਮਾਰਤ ਹਨ, ਜੋ ਵਿਦਿਆਰਥੀਆਂ ਦੇ ਕਲਾਸਾਂ ਰੂਮ ਅਤੇ ਪ੍ਰੋਫੈਸਰਾਂ ਦੇ ਸਟਾਫ਼ ਰੂਮ ਸਮੇਤ ਨਾਨ-ਟੀਚਿੰਗ ਸਟਾਫ਼ ਦੇ ਦਫ਼ਤਰ ਤੋਂ ਬਹੁਤ ਦੂਰ ਹਨ। ਪਤਾ ਲੱਗਿਆ ਹੈ ਕਿ ਕਾਲਜ ਵਿਖੇ ਯੂਨੀਵਰਸਿਟੀ ਦੀਆਂ ਆਨ-ਲਾਈਨ ਪ੍ਰੀਖਿਆਵਾਂ ਵੀ ਚੱਲ ਰਹੀਆਂ ਹਨ, ਜਿਸ ਕਾਰਨ ਕਾਲਜ ਸਟਾਫ਼ ਦਾ ਆਉਣਾ ਬੇਹੱਦ ਲਾਜ਼ਮੀ ਹੈ। ਇਸ ਤੋਂ ਇਲਾਵਾ ਕਾਲਜ ਵਿਖੇ ਸਥਾਪਤ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਦੇ ਸਟੱਡੀਜ਼ ਸੈਂਟਰ-2225 ਵਿਖੇ ਯੂਨੀਵਰਸਿਟੀ ਵੱਲੋਂ ਆਫ-ਲਾਈਨ ਪ੍ਰੀਖਿਆਵਾਂ 4 ਮਾਰਚ ਤੋਂ ਆਰੰਭ ਹੋ ਰਹੀਆਂ ਹਨ, ਜਿਸ ਕਾਰਨ ਪ੍ਰੀਖਿਆ ਲੈਣ ਵਾਲੇ ਪ੍ਰਬੰਧਕਾਂ ਅਤੇ ਦੇਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਦੌਰਾਨ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ 10 ਮਾਰਚ ਨੂੰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਪੂਰੇ ਜ਼ਿਲ੍ਹੇ ਦੀਆਂ ਵੋਟਾਂ ਦੀ ਗਿਣਤੀ ਹੋ ਰਹੀ ਹੈ, ਜਿਸ ਲਈ 20 ਫਰਵਰੀ ਤੋਂ ਹੀ ਉਥੇ ਈਵੀਐਮਜ਼ ਨੂੰ ਸਟਰਾਂਗ ਰੂਮਾਂ ਵਿੱਚ ਰੱਖਿਆ ਹੋਇਆ ਹੈ, ਜਿੰਨਾਂ ਦੀ ਸੁਰੱਖਿਆ ਲਈ ਉਮੀਦਵਾਰਾਂ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਅਤੇ ਪੰਜਾਬ ਸਰਕਾਰ ਦੇ ਸਖ਼ਤ ਹੁਕਮਾਂ ਤਹਿਤ ਹੀ ਅਜਿਹੀ ਪਾਬੰਦੀ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਹਲਕੇ ਦੀ ਗਿਣਤੀ ਨਹਿਰੂ ਕਾਲਜ ਦੇ ਜਿਮਨੇਜ਼ੀਅਮ ਹਾਲ, ਸਰਦੂਲਗੜ ਹਲਕੇ ਦੀ ਗਿਣਤੀ ਕਾਲਜ ਦੇ ਆਡੀਟੋਰੀਅਮ ਹਾਲ ਅਤੇ ਬੁਢਲਾਡਾ ਹਲਕੇ ਦੀ ਗਿਣਤੀ ਕਾਲਜ ਦੀ ਲਾਈਬ੍ਰੇਰੀ ਹਾਲ ਵਿਖੇ ਹੋਵੇਗੀ।