ਮੋਗਾ: ਸਰਕਾਰੀ ਮਿਡਲ ਸਕੂਲ ਪਿੰਡ ਪੁਰਾਣੇਵਾਲਾ ਦੇ 7ਵੀਂ ਜਮਾਤ ਦੇ ਵਿਦਿਆਰਥੀ ਸੁਮਿਤ ਨੇ ਕਿਤਾਬਾਂ ਤੇ ਅਖਬਾਰਾਂ ਦੀ ਰੱਦੀ ਤੋਂ ਖਿਡੌਣਿਆਂ ਦੇ ਰੂਪ ਵਿੱਚ ਐਲਐੱਮਜੀ ਮਸ਼ੀਨਾਂ, ਜਿਵੇਂ ਹਥਿਆਰ ਆਦਿ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵਿਦਿਆਰਥੀ ਸੁਮਿਤ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਸਾਇੰਸ ਵਿਗਿਆਨੀ ਬਣਨਾ ਚਾਹੁੰਦਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੀਨੀਅਰ ਸੈਕੰਡਰੀ) ਸੁਸ਼ੀਲ ਨਾਥ ਵਿਦਿਆਰਥੀ ਦੇ ਹੁਨਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਘਰ ਪਹੁੰਚੇ ਤੇ ਬੱਚੇ ਨੂੰ ਸਨਮਾਨਤ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸਕੂਲ ਮੁਖੀ ਹਰਕੀਰਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੇ ਵੱਖ-ਵੱਖ ਚੀਜ਼ਾਂ ਬਣਾ ਕੇ ਇਕ ਮਿਸਾਲ ਕਾਇਮ ਕੀਤਾ ਹੈ। ਵਿਦਿਆਰਥੀ ਦੀ ਮਾਤਾ ਸੁਦੇਸ਼ ਰਾਣੀ ਤੇ ਪਿਤਾ ਆਤਮਾ ਰਾਮ ਨੇ ਦੱਸਿਆ ਕਿ ਸੁਮਿਤ ਨੂੰ ਬਚਪਨ ਤੋਂ ਹੀ ਕਲਾਕ੍ਰਿਤਾਂ ਬਣਾਉਣ ਦਾ ਬੇਹੱਦ ਸ਼ੌਕ ਹੈ ਤੇ ਵਿਹਲੇ ਸਮੇਂ ਵਿੱਚ ਕਲਾਕ੍ਰਿਤਾਂ ਬਣਾਉਂਦਾ ਰਹਿੰਦਾ ਸੀ। -ਨਿੱਜੀ ਪੱਤਰ ਪ੍ਰੇਰਕ