ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 23 ਜੁਲਾਈ
ਨੇੜਲੇ ਪਿੰਡ ਫੱਲੜ੍ਹ ਦੇ ਸਰਕਾਰੀ ਸਕੂਲ ਵਿੱਚ ਅੱਜ ਛੱਤ ਵਾਲਾ ਪੱਖਾ ਚੱਲਦਾ-ਚੱਲਦਾ ਅਚਾਨਕ ਹੇਠਾਂ ਡਿੱਗ ਪਿਆ ਅਤੇ ਇਸ ਘਟਨਾ ਕਾਰਨ ਸਕੂਲ ਦੀ ਇੱਕ ਵਿਦਿਆਰਥਣ ਜਸਮੀਤ ਕੌਰ ਜ਼ਖ਼ਮੀ ਹੋ ਗਈ ਜਿਸ ਨੂੰ ਸਕੂਲ ਦੇ ਸਟਾਫ਼ ਵੱਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਘਟਨਾ ਸਬੰਧੀ ਸਕੂਲ ਦੀ ਪ੍ਰਿੰਸੀਪਲ ਈਸ਼ਾ ਬਾਵਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਪਿੰਡ ਵਾਸੀਆਂ ਤੇ ਗਰਾਮ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਕਈ ਇਮਾਰਤਾਂ ਖਸਤਾ ਹਾਲਤ ਵਿੱਚ ਹੋਣ ਕਰਕੇ ਹਰ ਸਮੇਂ ਜੋਖਮ ਬਣਿਆ ਰਹਿੰਦਾ ਹੈ। ਸਰਕਾਰ ਇਸ ਵੱਲ ਤੁਰੰਤ ਧਿਆਣ ਦੇਵੇ। ਨਾਲ ਹੀ ਉਨ੍ਹਾਂ ਕਿਹਾ ਕਿ ਇਲਾਕੇ ਦੇ ਹੋਰਨਾ ਪਿੰਡਾਂ ਦੇ ਕਈ ਸਕੂਲ ਅਜਿਹੇ ਹਨ ਜਿਨ੍ਹਾਂ ਦੀਆਂ ਛੱਤਾ ਕਿਸੇ ਵੇਲੇ ਵੀ ਡਿੱਗ ਸਕਦੀਆਂ ਹਨ ਅਤੇ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ।