ਨਵਕਿਰਨ ਸਿੰਘ
ਮਹਿਲ ਕਲਾਂ, 18 ਅਗਸਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਮ੍ਰਿਤਕ ਕਿਸਾਨ ਨਿਰਮਲ ਸਿੰਘ ਸੋਹੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਣ ਅਤੇ ਬਾਕੀ ਮੰਗਾਂ ਜਲਦ ਪੂਰੀਆਂ ਕਰਨ ਦੇ ਭਰੋਸੇ ਮਗਰੋਂ ਨਿਰਮਲ ਸਿੰਘ ਸੋਹੀ ਦਾ ਪਿੰਡ ਹਮੀਦੀ ਵਿੱਚ ਸਸਕਾਰ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਬਲਾਕ ਸਹਾਇਕ ਖਜ਼ਾਨਚੀ ਨਿਰਮਲ ਸਿੰਘ ਸੋਹੀ ਕੈਂਸਰ ਦੇ ਬਾਵਜੂਦ ਟਿੱਕਰੀ ਬਾਰਡਰ ’ਤੇ ਡਟਿਆ ਹੋਇਆ ਸੀ ਤੇ ਚਾਰ ਦਿਨ ਪਹਿਲਾਂ ਉਸਦੀ ਇਲਾਜ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਮੌਤ ਹੋ ਗਈ ਸੀ ਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਸੀ ਕਿ ਜਦੋਂ ਤੱਕ ਮ੍ਰਿਤਕ ਦੇ ਪਰਿਵਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਨਹੀਂ ਮਿਲਦਾ ਉਦੋਂ ਤੱਕ ਕਿਸਾਨ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਤੇ ਅੱਜ ਕਿਸਾਨਾਂ ਦੀ ਮੰਗ ਅੱਗੇ ਝੁਕਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਦੀ ਹਾਜ਼ਰੀ ’ਚ ਮ੍ਰਿਤਕ ਕਿਸਾਨ ਦੀ ਪਤਨੀ ਸ਼ਿੰਦਰ ਕੌਰ ਨੂੰ ਪੰਜ ਲੱਖ ਦਾ ਚੈੱਕ ਸੌਂਪਿਆ ਗਿਆ ਤੇ ਬਾਕੀ ਮੰਗਾਂ ਜਲਦ ਮੰਨਣ ਦਾ ਭਰੋਸਾ ਦਿੱਤਾ ਗਿਆ। ਬੀਕੇਯੂ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ।