ਪੱਤਰ ਪ੍ਰੇਰਕ
ਮਾਨਸਾ, 14 ਸਤੰਬਰ
ਪੰਜਾਬ ਕਲੋਨਾਇਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਵੱਲੋਂ ਜਾਇਦਾਦ ਵੇਚਣ ਵਾਲੀਆਂ ਰਜਿਸਟਰੀਆਂ ’ਤੇ ਲਾਈ ਪਾਬੰਦੀ ਖ਼ਿਲਾਫ਼ ਜੋ ਧਰਨਾ ਮਾਨਸਾ ਦੇ ਤਹਿਸੀਲਦਾਰ ਦੇ ਖ਼ਿਲਾਫ਼ ਚੱਲ ਰਿਹਾ ਸੀ, ਉਹ ਅੱਜ ਐੱਸਡੀਐੱਮ ਮਾਨਸਾ ਦੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਅੱਜ ਵਪਾਰ ਮੰਡਲ ਮਾਨਸਾ ਅਤੇ ਪੰਜਾਬ ਕਿਸਾਨ ਯੂਨੀਅਨ ਮਾਨਸਾ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਐੱਸਡੀਐੱਮ ਮਾਨਸਾ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਦੋ ਦਿਨ ਦਾ ਹੋਰ ਸਮਾਂ ਮੰਗ ਕੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮੱਸਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਐਸੋਸੀਏਸ਼ਨ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਜਿਥੇ ਵੀ ਨਗਰ ਕੌਂਸਲ ਵੱਲੋਂ ਨਕਸ਼ਾ ਪਾਸ ਕੀਤਾ ਹੋਇਆ ਹੈ, ਉਹ ਬੇਸ਼ੱਕ ਅਣਅਧਿਕਾਰਤ ਕਾਲੋਨੀ ਹੋਵੇ, ਉਥੇ ਐੱਨਓਸੀ ਪਲਾਟ ਰੈਗੂਲਰ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਮਾਨਸਾ ਦੇ ਨਵਨਿਯੁਕਤ ਤਹਿਸੀਲਦਾਰ ਸਰਕਾਰ ਦੀਆਂ ਉਪਰੋਕਤ ਹਦਾਇਤਾਂ ਮੰਨਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਅਣਮਿਥੇ ਸਮੇਂ ਲਈ ਧਰਨਾ ਲਾਉਣਗੇ।