ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 1 ਫਰਵਰੀ
ਭੂਤਾਂ ਵਾਲਾ ਖੂਹ ਤੋਂ ਦਿੱਲੀ ਕਿਸਾਨ ਮੋਰਚੇ ਲਈ ਕਿਸਾਨਾਂ ਦਾ ਜਥਾ ਰਵਾਨਾ ਹੋਇਆ। ਇਸ ਮੌਕੇ ਭਾਰਤੀ ਕਿਸਾਨ ਯੂੁਨੀਅਨ (ਉਗਰਾਹਾਂ) ਦੇ ਆਗੂ ਜੀਤੀ ਬਾਬੇਕਾ, ਜਸਪਾਲ ਜੱਸਾ ਅਤੇ ਹਰਭਜਨ ਸਿੰਘ ਨਹਿੰਗ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਹਕੂਮਤ ਕਿਸਾਨੀ ਸੰਘਰਸ਼ ਨੂੰ ਫੇਲ੍ਹ ਕਰਨ ਲਈ ਲੋਕਾਂ ਵਿੱਚ ਕਿਸਾਨਾਂ ਦੇ ਸੰਘਰਸ਼ ਨੂੰ ਦੰਗਈ ਰੂਪ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਇੱਕ ਧਰਮ ਦੀ ਨਹੀਂ, ਸਗੋਂ ਇਸ ਵਿੱਚ ਸਭ ਧਰਮਾਂ ਤੇ ਵਰਗਾਂ ਦੇ ਲੋਕ ਸ਼ਾਮਲ ਹਨ। ਕਿਸਾਨ ਆਗੂਆਂ ਨੇ ਕਿਹਾ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਿਸਾਨ ਪਿੱਛੇ ਨਹੀਂ ਮੁੜਨਗੇ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਹਿੰਮਤਪੁਰਾ ਤੋਂ ਦੋ ਸੌ ਤੋਂ ਵੱਧ ਟਰੈਕਟਰ ਟਰਾਲੀਆਂ ਦਾ ਕਾਫ਼ਲਾ ਰਵਾਨਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੂਟਾ ਸਿੰਘ ਭਾਗੀਕੇ, ਗੁਰਚਰਨ ਰਾਮਾਂ, ਸੁਦਾਗਰ ਸਿੰਘ ਖਾਈ, ਤਰਲੋਕ ਸਿੰਘ ਹਿੰਮਤਪੁਰਾ, ਜਗਮੋਹਨ ਸਿੰਘ ਸੈਦੋਕੇ, ਹਰਮੰਦਰ ਸਿੰਘ ਡੇਮਰੂ ਤੇ ਜੰਗੀਰ ਸਿੰਘ ਹਿੰਮਤਪੁਰਾ ਨੇ ਸੰਬੋਧਨ ਕੀਤਾ। ਇਸ ਮੌਕੇ ਦੋ ਗੁਰਦੁਆਰਿਆਂ ਵੱਲੋਂ ਚਾਹ, ਪ੍ਰਸ਼ਾਦੇ ਦੇ ਲੰਗਰ ਦੀ ਸੇਵਾ ਕੀਤੀ ਗਈ।
ਬੁਢਲਾਡਾ (ਐੱਨ ਪੀ ਸਿੰਘ): ਇੱਥੇ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਮੁੜ ਤੋਂ ਸ਼ਾਮਲ ਹੋਣ ਲਈ ਕਿਸਾਨੀ ਸੰਘਰਸ਼ੀ ਜਥੇ ਰੇਲਗੱਡੀ ਰਾਹੀਂ ਰਵਾਨਾ ਹੋਣ ਲੱਗ ਪਏ ਹਨ। ਕਿਸਾਨ ਜਥੇਬੰਦੀ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਬਬਲੀ ਅਟਵਾਲ, ਕਾਮਰੇਡ ਹਰਦਿਆਲ ਸਿੰਘ ਦਾਤੇਵਾਸ ਅਤੇ ਹਰਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਪਹਿਲਾ 50 ਕਿਸਾਨਾਂ ਦਾ ਜੱਥਾ ਸਤਪਾਲ ਸਿੰਘ ਬਰ੍ਹੇ ਦੀ ਅਗਵਾਈ ਹੇਠ ਗੰਗਾਨਗਰ ਦਿੱਲੀ ਇੰਟਰਸਿਟੀ ਰਾਹੀਂ ਦਿੱਲੀ ਦੇ ਬਹਾਦਰਗੜ੍ਹ ਲਈ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇੱਕ ਜਥਾ ਬਰੇਟਾ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ।
ਸਿਰਸਾ (ਪ੍ਰਭ ਦਿਆਲ ਸਿਰਸਾ): ਪਿੰਡ ਸ਼ਹੀਦਾਂਵਾਲੀ ਤੋਂ ਕਿਸਾਨਾਂ ਦਾ ਜਥਾ ਟਿਕਰੀ ਲਈ ਬਾਰਡਰ ਰਵਾਨਾ ਹੋਇਆ। ਕਿਸਾਨ ਟਕੈਰਟਰ ਟਰਾਲੀਆਂ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਲਈ ਰਾਸ਼ਨ ਵੀ ਆਪਣੇ ਨਾਲ ਲੈ ਕੇ ਗਏ ਹਨ। ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨਾਂ ਹਰ ਹਾਲਤ ਵਿੱਚ ਵਾਪਸ ਲੈਣੇ ਪੈਣਗੇ।
ਔਰਬਿੱਟ ਵੱਲੋਂ ਮੁੜ ਮੁਫ਼ਤ ਬੱਸ ਸੇਵਾ ਸ਼ੁਰੂ
ਲੰਬੀ (ਇਕਬਾਲ ਸਿੰਘ ਸ਼ਾਂਤ): ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਮਾਲਕੀ ਵਾਲੀ ਔਰਬਿੱਟ ਟਰਾਂਸਪੋਰਟ ਦੀਆਂ ਤਿੰਨ ਬੱਸਾਂ ਦਿੱਲੀ ਦੇ ਕਿਸਾਨੀ ਮੋਰਚੇ ’ਚ ਲਗਾਤਾਰ ਕਿਸਾਨੀ ਯੋਧਿਆਂ ਨੂੰ ਮੋਰਚੇ ’ਤੇ ਲਿਜਾਣ ਲਈ ਮੁੜ ਸੜਕਾਂ ’ਤੇ ਉਤਰ ਪਈਆਂ ਹਨ। ਗਣਤੰਤਰ ਦਿਵਸ ਕਾਰਨ 25 ਤੋਂ ਬੱਸ ਸੇਵਾ ਬੰਦ ਸੀ। ਬਠਿੰਡਾ ਲੋਕ ਸਭਾ ਹਲਕੇ ਵਿੱਚੋਂ ਟਿਕਰੀ ਬਾਰਡਰ ਮੋਰਚੇ ਲਈ ਤਿੰਨ ਬੱਸਾਂ ’ਤੇ ਆਧਾਰਤ ਮੁਫ਼ਤ ਸੇਵਾ ਅੱਜ ਤੋਂ ਮੁੜ ਆਰੰਭ ਦਿੱਤੀ ਗਈ ਹੈ। ਇਹ ਬੱਸਾਂ ਲੰਬੀ, ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਗੋਨਿਆਣਾ ਤੋਂ ਚੱਲਦੀਆਂ ਹਨ। ਅੱਜ ਲੰਬੀ ਤੋਂ ਤੁਰੀ ਬੱਸ ’ਚ 35 ਜਣੇ ਟਿਕਰੀ ਬਾਰਡਰ ਲਈ ਰਵਾਨਾ ਹੋਏ। ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਸਿਆਸਤ ਤੋਂ ਉੱਪਰ ਉੱਠ ਕੇ ਕਿਸਾਨ ਸੰਘਰਸ਼ ਦੀ ਸੇਵਾ ਵਜੋਂ ਇਹ ਬੱਸ ਸੇਵਾ ਹਰੇਕ ਪਾਰਟੀ ਅਤੇ ਹਰੇਕ ਵਰਗ ਦੇ ਲੋਕਾਂ ਲਈ ਚਲਾਈ ਹੈ।
ਮੋਦੀ, ਅੰਬਾਨੀ ਅਤੇ ਅੰਡਾਨੀ ਦੇ ਪੁਤਲੇ ਫੂਕੇ
ਸਮਾਲਸਰ (ਗੁਰਜੰਟ ਕਲਸੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਵੱਲੋਂ ਕਿਸਾਨ ਆਗੂ ਰਣਧੀਰ ਸਿੰਘ, ਜਗਦੇਵ ਸਿੰਘ ਸਰਪੰਚ, ਆੜ੍ਹਤੀ ਹਰਬੰਸ ਸਿੰਘ, ਜਤਿੰਦਰ ਸਿੰਘ ਮੱਲ, ਜਸਵਿੰਦਰ ਸਿੰਘ ਪੰਚ, ਐੱਨਆਰਆਈ ਕਲਵਿੰਦਰ ਸਿੰਘ ਖਜਾਨ, ਗੁਰਮੇਲ ਸਿੰਘ ਪ੍ਰਧਾਨ, ਬਾਬਾ ਮੱਲਦੀਨ ਆਦ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਮੋਰਚੇ ਵਿੱਚ ਮੁੜ ਪਹਿਲਾਂ ਵਾਂਗ ਜੋਸ਼ ਭਰਨ ਲਈ ਮੋਦੀ, ਅੰਬਾਨੀ ਅਤੇ ਅੰਡਾਨੀ ਦੇ ਪੁਤਲੇ ਫੂਕੇ ਗਏ। ਆਗੂਆਂ ਨੇ ਦੱਸਿਆ ਕਿ ਪਿੰਡ-ਪਿੰਡ ਕਮੇਟੀਆਂ ਬਣਾ ਕੇ ਲੋਕਾਂ ਨੂੰ ਦਿੱਲੀ ਮੋਰਚੇ ਵਿਚ ਭੇਜਣ ਸਬੰਧੀ ਗੁਰਦੁਆਰਿਆਂ ਰਾਹੀਂ ਹੋਕੇ ਦੇ ਕੇ ਲਾਮਬੰਦ ਕੀਤਾ ਜਾ ਰਿਹਾ ਹੈ।
ਪੇਂਡੂ ਬੱਚਿਆਂ ਵੱਲੋਂ ਮੋਰਚੇ ਦੀ ਲਾਮਬੰਦੀ ਲਈ ਸਾਈਕਲ ਰੈਲੀ
ਨਥਾਣਾ (ਭਗਵਾਨ ਦਾਸ ਗਰਗ): ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ’ਚ ਪਿੰਡਾਂ ਦੇ ਲੋਕਾਂ ਦੀ ਸ਼ਮੂਲੀਅਤ ਵਧਾਉਣ ਲਈ ਪਿੰਡ ਕਲਿਆਣ ਸੁੱਖਾ ਵਿੱਚ ਛੋਟੇ ਬੱਚਿਆਂ ਨੇ ਸਾਈਕਲ ਰੈਲੀ ਕੱਢੀ। ਇਸ ਦੌਰਾਨ ਬੱਚਿਆਂ ਨੇ ਘਰ-ਘਰ ਜਾ ਕੇ ਸੁਨੇਹਾ ਦਿੱਤਾ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਹਰ ਘਰ ਦਾ ਘੱਟੋ-ਘੱਟ ਇੱਕ ਜੀਅ ਸ਼ਾਮਲ ਹੋਵੇ। ਬੱਚਿਆਂ ਦਾ ਕਹਿਣਾ ਸੀ ਕਿ ਇਸ ਸਬੰਧੀ ਪਿੰਡ ਦੀ ਹਰੇਕ ਪੱਤੀ ’ਚੋਂ ਲਿਸਟਾ ਬਣਾ ਕੇ ਜਥਿਆਂ ਦੇ ਰੂਪ ਵਿੱਚ ਲੋਕਾਂ ਨੂੰ ਭੇਜਣ ਦੀ ਮੁਹਿੰਮ ਚਲਾਈ ਜਾਵੇ। ਪਿੰਡ ਵਾਸੀ ਬੱਚਿਆਂ ਦੀ ਇਸ ਸਾਈਕਲ ਰੈਲੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦਿੱਲੀ ਸੰਘਰਸ਼ ਵਿੱਚ ਵੱਧ ਤੋਂ ਵੱਧ ਜਥੇ ਭੇਜਣ ਦਾ ਭਰੋਸਾ ਦਿਵਾਇਆ।