ਇਕਬਾਲ ਸਿੰਘ ਸ਼ਾਂਤ
ਲੰਬੀ, 1 ਜੂਨ
ਲੰਬੀ ’ਚ ਐੱਨ.ਐੱਚ-9 ਦੀ ਚਹੁੰਮਾਰਗੀ ਪ੍ਰਕਿਰਿਆ ਤਹਿਤ ਓਵਰਬ੍ਰਿਜ ਬਣਾਉਣ ’ਚ ਅੜਿੱਕਾ ਬਣੇ ਪੈਮਾਇਸ਼ ਵਿਵਾਦ ’ਚ ਡਾ. ਮਨਜਿੰਦਰ ਸਰਾਂ ਦੀ ਹਮਾਇਤ ’ਚ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਸੰਘਰਸ਼ ਜਾਰੀ ਰਿਹਾ। ਅੱਜ ਮੁੜ ਲੰਬੀ-ਗਿੱਦੜਬਾਹਾ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਧਰਨਾ ਤੇ ਤਿੱਖੜ ਦੁਪਹਿਰੇ ਇੱਕ ਘੰਟਾ ਐੱਨਐੱਚ ’ਤੇ ਸੰਕੇਤਕ ਸੜਕ ਜਾਮ ਲਗਾਇਆ। ਰੱਥੜੀਆਂ ਤੋਂ ਸਿੰਘੇਵਾਲਾ ਮੋੜ ਤੱਕ ਸੜਕ 50 ਮੀਟਰ ਚੌੜੀ ਬਣਨੀ ਹੈ। ਜਿਸ ਤਹਿਤ ਲੰਬੀ ਵਿੱਚ ਪੈਮਾਇਸ਼ ਵਿਵਾਦ ਕਾਰਨ ਪੰਜਾਬ ਤਿੰਨ-ਕੋਨੀ ’ਤੇ ਬ੍ਰਿਜ ਬਣਨ ’ਚ ਅੜਿੱਕਾ ਪਿਆ ਹੋਇਆ ਹੈ। ਚੜ੍ਹਦੇ-ਲਹਿੰਦੇ ਵਾਲੇ ਪਾਸੇ ਦੀਆਂ ਧਿਰਾਂ ਆਪੋ-ਆਪਣੇ ਪੱਖ ਰੱਖ ਰਹੀਆਂ ਹਨ। ਡਾ. ਮਨਜਿੰਦਰ ਸਿੰਘ ਸਰਾਂ ਦਾ ਕਹਿਣਾ ਹੈ ਕਿ ਦੂਜੀ ਸਰਮਾਏਦਾਰ ਧਿਰ ਸਰਕਾਰ ਤੇ ਪ੍ਰਸ਼ਾਸਨਿਕ ਦਬਾਅ ਤਹਿਤ ਗਲਤ ਪੈਮਾਇਸ਼ ਨੂੰ ਲਾਗੂ ਕਰਕੇ ਚੜ੍ਹਦੇ ਵਾਲੇ ਪਾਸੇ ਦੀ 14-15 ਫੁੱਟ ਜਗਾ ਸੜਕ ਦੀ ਜ਼ਮੀਨ ਦੱਸ ਰਹੇ ਹਨ। ਜਦੋਂਕਿ ਅਸਲ ਘਾਲਾ ਮਾਲਾ ਲਹਿੰਦੇ ਵਾਲੇ ਪਾਸੇ ਹੈ। ਉਨ੍ਹਾਂ ਨਿਰਪੱਖ ਪੈਮਾਇਸ਼ ਦੀ ਮੰਗ ਕੀਤੀ ਹੈ। ਦੋਵੇਂ ਧਿਰਾਂ ਆਪਣੇ ਪੱਖ ਰੱਖਣ ਲਈ ਡੀਸੀ ਵਿਨੀਤ ਕੁਮਾਰ ਕੋਲ ਪੁੱਜੀਆਂ ਸਨ। ਅੱਜ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਸੜਕ ਜਾਮ ਮੌਕੇ ਡੀਐੱਸਪੀ ਜਸਪਾਲ ਸਿੰਘ ਤੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਪੁੱਜ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ 6 ਜੂਨ ਤੱਕ ਮਾਲ ਅਧਿਕਾਰੀਆਂ ਦੀ ਹੜਤਾਲ ਕਾਰਨ ਸੰਘਰਸ਼ ਨੂੰ ਮੁਲਤਵੀ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ 7 ਜੂਨ ਨੂੰ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ। ਜਿਸ ’ਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਕਿਹਾ ਕਿ ਤਿੱਖੜ ਦੁਪਹਿਰ ਬੈਠਣ ਦਾ ਸਾਨੂੰ ਸ਼ੌਕ ਨਹੀਂ। ਜਿੰਨਾ ਚਿਰ ਡੀਸੀ ਸ੍ਰੀ ਮੁਕਤਸਰ ਸਾਹਿਬ ਆ ਕੇ ਮੌਕਾ ਨਹੀਂ ਦੇਖ ਲੈੱਦੇ, ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਡਾ. ਮਨਜਿੰਦਰ ਸਰਾਂ ਦੀ ਅਗਵਾਈ ਹੇਠ ਬਣਨ ਵਾਲੀ ਸਰਵਿਸ ਰੋਡ ’ਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਨੂੰ ਜਥੇਬੰਦੀ ਦੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਖੁੱਡੀਆਂ, ਹਰਪਾਲ ਸਿੰਘ ਕਿੱਲਿਆਂਵਾਲੀ, ਗੁਰਮੀਤ ਸਿੰਘ ਰਾਜਾ ਚੰਨੂ, ਡਾ. ਰਾਜਾ ਸਿੰਘ ਭੀਟੀਵਾਲਾ, ਡਾ. ਕੁਲਦੀਪ ਖਾਨ ਗਿੱਦੜਬਾਹਾ, ਬਿਕਰਮ ਕੁਮਾਰ, ਡਾ. ਗੁਰਦੇਵ ਸਿੰਘ ਗਿੱਦੜਬਾਹਾ ਸਮੇਤ ਭਰਵੀਂ ਗਿਣਤੀ ’ਚ ਮੈਡੀਕਲ ਪ੍ਰੈਕਟਿਸ਼ਨਰ ਹਾਜ਼ਰ ਸਨ। ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਨੇ ਪੱਥਰ ਲਾਈਨ ਤੋਂ ਨਵੇਂ ਸਿਰਿਓਂ ਪੈਮਾਇਸ਼ ਦੇ ਹੁਕਮ ਦਿੱਤੇ ਹੋਏ ਹਨ।