ਪੱਤਰ ਪ੍ਰੇਰਕ
ਮਾਨਸਾ, 25 ਮਾਰਚ
ਸਾਲਾਨਾ ਪ੍ਰੀਖਿਆਵਾਂ ਮੌਕੇ ਬੰਦ ਪਏ ਸਕੂਲ ਖੁੱਲ੍ਹਵਾਉਣ ਲਈ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹਾ ਸੰਘਰਸ਼ ਸਕੂਲਾਂ ਤੋਂ ਹੁੰਦਾ ਹੋਇਆ ਪਿੰਡਾਂ ਦੀਆਂ ਗਲੀਆਂ ਤੱਕ ਪੁੱਜ ਗਿਆ ਹੈ। ਅੱਜ ਜ਼ਿਲ੍ਹੇ ਭਰ ਦੇ ਦਰਜਨਾਂ ਪਿੰਡਾਂ ’ਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੇ ਪੱਧਰ ’ਤੇ ਸੰਘਰਸ਼ ਕੀਤਾ। ਸਕੂਲ ਬੰਦ ਹੋਣ ਬਾਅਦ ਘਰਾਂ ’ਚ ਬੈਠੇ ਵਿਦਿਆਰਥੀਆਂ ਨੇ ਕਲਮਾਂ ਕਿਤਾਬਾਂ ਦੀ ਥਾਂ ਆਪਣੇ ਹੱਥਾਂ `ਚ ਕਾਲੇ ਝੰਡੇ ਫੜੇ ਤੇ ਸਕੂਲ ਬੰਦ ਕਰਨ ਦੇ ਸਰਕਾਰੀ ਫੈਸਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਦੇ ਹੱਥਾਂ `ਚ ਫੜੀਆਂ ਤਖਤੀਆਂ ’ਤੇ ਲਿਖਿਆ ਹੋਇਆ ਸੀ ‘ਠੇਕੇ ਖੁੱਲ੍ਹੇ, ਸਕੂਲ ਬੰਦ, ਸਰਕਾਰ ਨੇ ਕੀਤੇ ਵਿਦਿਆਰਥੀ ਤੰਗ’, ਸਰਕਾਰੀ ਕਰੋਨਾ ਵਾਪਸ ਭੇਜੋ, ਸਾਡੀ ਪੜ੍ਹਾਈ ਸਾਡਾ ਭਵਿੱਖ, ਕਰੋਨਾ ਡਰਾਮਾ ਬੰਦ ਕਰੋ ਆਦਿ। ਪਿੰਡਾਂ ਦੀਆਂ ਗਲੀਆਂ ’ਚ ਨਾਅਰੇਬਾਜ਼ੀ ਕਰਦੇ ਵਿਦਿਆਰਥੀਆਂ ਦਾ ਘਰੇਲੂ ਔਰਤਾਂ ਤੇ ਮਰਦਾਂ ਨੇ ਵੀ ਸਾਥ ਦਿੱਤਾ। ਸਕੂਲ ਬੰਦੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਸਬੰਧੀ ਬਲਰਾਜ ਭੂੰਦੜ ਕਾਲਜ ਦੇ ਵਿਦਿਆਰਥੀ ਗਗਨਦੀਪ ਨੇ ਕਿਹਾ ਕਿ ਸਾਨੂੰ ਸਕੂਲਾਂ ਕਾਲਜਾਂ ਤੋਂ ਦੂਰ ਕੀਤਿਆਂ ਦੂਸਰਾ ਸਾਲ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦਾ ਪਸਾਰਾ ਰੋਕਣ ਲਈ ਸਰਕਾਰਾਂ ਨੇ ਕਰੋਨਾ ਨੂੰ ਹਥਿਆਰ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਲੱਖਾਂ ਦੀ ਗਿਣਤੀ ਵਾਲੀਆਂ ਬੰਗਾਲੀ ਚੋਣ ਰੈਲੀਆਂ ’ਚ ਕਰੋਨਾ ਨਹੀਂ ਫੈਲਦਾ ਤਾਂ ਫਿਰ ਸਕੂਲਾਂ ਕਾਲਜਾਂ ’ਚ ਕਿਵੇਂ ਫੈਲੇਗਾ।
ਬੁਢਲਾਡਾ (ਪੱਤਰ ਪ੍ਰੇਰਕ) ਇੱਥੇ ਅੱਜ ਕਰੋਨਾ ਮਹਾਂਮਾਰੀ ਦੀ ਆੜ ’ਚ ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕਰਨ ਦੇ ਫੁਰਮਾਨ ਖ਼ਿਲਾਫ਼ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਤੇ ਮਾਪਿਆਂ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਦਾ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਬਾਂਸਲ ਨੂੰ ਵੀ ਦਿੱਤਾ। ਰੋਸ ਪ੍ਰਦਰਸ਼ਨ ਮੌਕੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਸਰਕਾਰ ਵਿਰੋਧੀ ਬੈਨਰ ਤੇ ਤਖਤੀਆਂ ਚੁੱਕੀਆਂ ਹੋਈਆਂ ਸਨ। ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਗਈ ਕਿ ਜੇ ਸਰਕਾਰੀ ਸਕੂਲ ਬੰਦ ਰੱਖਣੇ ਹਨ ਤਾਂ ਘੱਟੋ-ਘੱਟ ਪ੍ਰਾਈਵੇਟ ਸਕੂਲਾਂ ਨੂੰ ਖੋਲ੍ਹੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਕਰੋਨਾ ਮਹਾਂਮਾਰੀ ਦੀ ਆੜ ਹੇਠ ਵਿੱਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ।
ਮਹਿਲ ਕਲਾਂ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਦਾ ਹਵਾਲਾ ਦਿੰਦਿਆ 31 ਮਾਰਚ ਤੱਕ ਸਕੂਲ ਬੰਦ ਕਰਨ ਦੇ ਫੁਰਮਾਨ ਦਾ ਹਰ ਪਾਸਿਓਂ ਵਿਰੋਧ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਅੱਜ ਪੈਰਾਡਾਈਜ਼ ਅਕੈਡਮੀ ਵਜ਼ੀਦਕੇ ਖੁਰਦ ਵਿੱਚ ਪ੍ਰਿੰਸੀਪਲ ਜਸਵਿੰਦਰ ਸਿੰਘ ਚਹਿਲ, ਸੇਵਾ ਮੁਕਤ ਅਧਿਆਪਕ ਰਣਜੀਤ ਸਿੰਘ ਟਲੇਵਾਲ, ਸੁਰਿੰਦਰ ਬਾਵਾ ਅਲੋਕ ਸਿੰਗਲਾ ਆਦਿ ਦੀ ਅਗਵਾਈ ਹੇਠ ਅਧਿਆਪਕਾਂ ਤੇ ਮਾਪਿਆਂ ਵੱਲੋਂ ਸਕੂਲ ਬੰਦ ਦੇ ਵਿਰੋਧ ਵਿੱਚ ਕਾਲੇ ਮਾਸਕ, ਕਾਲੇ ਝੰਡੇ ਅਤੇ ਕਾਲੇ ਕੱਪੜਿਆਂ ਨਾਲ ਇਸ ਬੰਦ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲਾ ਪੂਰਾ ਸਾਲ ਸਕੂਲ ਬੰਦ ਰੱਖੇ ਗਏ ਤੇ ਹੁਣ ਮੁੜ ਸਕੂਲ ਬੰਦ ਕਰਕੇ ਬੱਚਿਆਂ ਦੇ ਭਵਿਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ) ਪੰਜਾਬ ਸਰਕਾਰ ਵੱਲੋਂ ਕਰੋਨਾ ਕਾਰਨ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਹੁਕਮਾਂ ਤੋਂ ਅਵਾਜ਼ਾਰ ਸੈਂਕੜੇ ਅਧਿਆਪਕਾਂ ਤੇ ਸਕੂਲ ਵੈਨ ਚਾਲਕਾਂ ਵੱਲੋਂ ਆਪਣੇ ਰੁਜ਼ਗਾਰ ਦਾ ਵਾਸਤਾ ਦਿੰਦਿਆਂ ਸਰਕਾਰ ਕੋਲੋਂ ਸਕੂਲ ਖੋਲ੍ਹਣ ਦੀ ਮੰਗ ਕੀਤੀ ਹੈ। ਪਿੰਡ ਹਰੀਕੇ ਕਲਾਂ ਦੇ ਗੁਰੂਕੁਲ ਸਕੂਲ, ਗੁਰੂ ਅੰਗਦ ਦੇਵ ਤੇ ਵਿਸ਼ਾਲ ਪਬਲਿਕ ਸਕੂਲ ਸਰਾਏਨਾਗਾ, ਮੈਥਿਊ ਅਲੈਗਜ਼ੈਂਡਰ ਸਕੂਲ ਲੰਬੀ, ਏਪਲ ਪਬਲਿਕ ਸਕੂਲ ਲੰਬੀ, ਸ਼ਿਵਾਲਿਕ ਪਬਲਿਕ ਸਕੂਲ ਮੁਕਤਸਰ, ਅਕਾਲ ਸਹਾਏ ਪਬਲਿਕ ਸਕੂਲ ਉਦੇਕਰਣ, ਡਾਇਮੰਡ ਡਿਸਕਵਰੀ ਸਕੂਲ ਬਰੀਵਾਲਾ, ਹਰਨੂਰ ਪਬਲਿਕ ਸਕੂਲ, ਜੀਟੀਵੀ ਮਾਲਵਾ ਸਕੂਲ ਮਲੋਟ ਦੇ ਅਧਿਆਪਕਾਂ ਗੁਰਦੀਪ ਸਿੰਘ ਭੁੱਲਰ, ਪਰਮਵੀਰ ਸਿੰਘ, ਗਰਪ੍ਰੀਤ ਕੌਰ ਨੇ ਕਿਹਾ ਕਿ ਉਹ ਇਕ ਵਰ੍ਹੇ ਤੋਂ ਕਰੋਨਾ ਕਰਕੇ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਹੋਏ ਗਏ ਹਨ। ਬੱਚਿਆਂ ਦੇ ਖਰਚੇ ਭਰਨੇ ਔਖੇ ਹਨ। ਸਾਲ ਬਾਅਦ ਮਸਾਂ ਸਕੂਲ ਖੁੱਲ੍ਹੇ ਸਨ ਤਾਂ ਹੁਣ ਸਰਕਾਰ ਨੇ ਮੁੜ ਸਕੂਲ ਬੰਦ ਕਰ ਦਿੱਤੇ ਹਨ ਜਦੋਂਕਿ ਬਾਕੀ ਸਾਰੇ ਅਦਾਰੇ, ਬਾਜ਼ਾਰ ਤੇ ਦੁਕਾਨਾਂ ਖੁੱਲ੍ਹੀਆਂ ਹਨ।
ਅਜੀਤਵਾਲ (ਪੱਤਰ ਪ੍ਰੇਰਕ) ਬੀਤੇ ਦਿਨੀਂ ਸਰਕਾਰ ਵੱਲੋਂ ਕਰੋਨਾ ਦੇ ਮੱਦੇਨਜਰ ਸਕੂਲ 31 ਮਾਰਚ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਦੇ ਵੈਨ ਡਰਾਈਵਰਾਂ ਤੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਸਕੂਲ ਬੰਦ ਦਾ ਵੱਖ-ਵੱਖ ਪੋਸਟਰ ਦਿਖਾ ਕੇ ਵਿਰੋਧ ਕੀਤਾ ਗਿਆ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਸਕੂਲ ਬੰਦ ਦੌਰਾਨ ਉਨ੍ਹਾਂ ਨੂੰ ਕਈ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਸਕੂਲ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਦੇ ਹਲਾਤ ਸੁਧਰਨ ਦੀ ਉਮੀਦ ਉਪਰ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਸਰਕਾਰ ਨੇ ਦੁਬਾਰਾ ਸਕੂਲ ਬੰਦ ਕਰਨ ਦੇ ਹੁਕਮ ਸੁਣਾ ਦਿੱਤੇ। ਅਸੀਂ ਸਾਰੇ ਬੇਨਤੀ ਕਰਦੇ ਹਾਂ ਕਿ ਸਾਡੇ ਰੁਜ਼ਗਾਰ ਤੇ ਬੱਚਿਆਂ ਦੀ ਪੜ੍ਹਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਜਲਦੀ ਤੋਂ ਜਲਦੀ ਖੋਲ੍ਹੇ ਜਾਣ।
ਵੈਨ ਚਾਲਕਾਂ ਨੇ ਸਕੂਲ ਬੰਦ ਕਰਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਭੁੱਚੋ ਮੰਡੀ (ਪੱਤਰ ਪ੍ਰੇਰਕ) ਵਿਕਟੋਰੀਅਸ ਕਾਂਨਵੈਂਟ ਸਕੂਲ ਚੱਕ ਰਾਮ ਸਿੰਘ ਵਾਲਾ ਦੇ ਵੈਨ ਚਾਲਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੈਨ ਚਾਲਕ ਹਰਭਜਨ ਸਿੰਘ, ਸੰਦੀਪ ਸਿੰਘ, ਗੁਰਭਗਤ ਸਿੰਘ, ਸੁਖਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਰੁਜ਼ਗਾਰ ਲਈ ਕਰਜ਼ੇ ਲੈ ਕੇ ਵੈਨਾਂ ਖਰੀਦੀਆਂ ਸਨ ਪਰ ਇੱਕ ਸਾਲ ਤੋਂ ਵੈਨਾ ਨਾ ਚੱਲਣ ਕਾਰਨ ਉਨ੍ਹਾਂ ਨੂੰ ਆਪਣੀ ਨਿੱਜੀ ਸੰਪਤੀ ਵੇਚ ਕੇ ਜਾਂ ਗਹਿਣੇ ਧਰਕੇ ਵੈਨ ਕਰਜ਼ ਦੀਆਂ ਕਿਸ਼ਤਾਂ ਭਰਨੀਆਂ ਪਈਆਂ ਤੇ ਖੜ੍ਹੀਆਂ ਵੈਨਾਂ ਦਾ ਬੀਮਾ, ਰੋਡ ਟੈਕਸ ਤੇ ਹੋਰ ਖਰਚੇ ਝੱਲਣੇ ਪਏ ਹਨ। ਉਨ੍ਹਾਂ ਕਿਹਾ ਕਿ ਖੜੀਆਂ ਗੱਡੀਆਂ ਦੇ ਟਾਇਰਾਂ ਤੇ ਬੈਟਰੀਆਂ ਦਾ ਵੀ ਨੁਕਸਾਨ ਹੋਇਆ ਹੈ। ਹੁਣ ਜਦੋਂ ਜਨਵਰੀ ’ਚ ਸਕੂਲ ਖੁੱਲ੍ਹਣ ’ਤੇ ਅਸੀਂ ਨਵੀਆਂ ਬੈਟਰੀਆਂ ਤੇ ਟਾਇਰਾਂ ’ਤੇ ਖਰਚ ਕਰ ਦਿੱਤਾ ਤਾਂ ਸਰਕਾਰ ਨੇ ਫਿਰ ਸਕੂਲ ਬੰਦ ਕਰ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਜਲਦੀ ਸਕੂਲ ਖੋਲ੍ਹੇ ਜਾਣ।