ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 23 ਨਵੰਬਰ
ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਵਿੱਚ ਇੱਥੇ ਕਾਰਪੋਰੇਸ਼ਨ ਦੇ ਸਿਟੀ ਦਫ਼ਤਰ ਮੂਹਰੇ ਧਰਨਾ ਲਾ ਕੇ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਸਰਕਲ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਧਰਨੇ ਵਿੱਚ ਗਰਿੱਡ ਸਬ-ਸਟੇਸ਼ਨ ਐਂਪਲਾਇਜ਼ ਯੂਨੀਅਨ ਪੰਜਾਬ, ਐੱਮ.ਐੱਸ.ਯੂ, ਟੀ.ਐੱਸ.ਯੂ., ਐਂਪਲਾਈਜ਼ ਫੈਡਰੇਸ਼ਨ, ਪੈਨਸ਼ਨਰ ਐਸੋਸੀਏਸ਼ਨ ਆਦਿ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਨੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਮੰਗ ਕੀਤੀ ਕਿ 01-12-2011 ਤੋਂ ਪੈਂਡਿੰਗ ਪਿਆ ਬਿਜਲੀ ਮੁਲਾਜ਼ਮਾਂ ਦਾ ਪੇਅ ਬੈਂਡ ਜਾਰੀ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੁਰੰਤ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ 26 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਸੰਘਰਸ਼ ਵਿੱਢ ਦੇਣਗੇ, ਜਿਸ ਦੀ ਜ਼ਿੰਮੇਵਾਰੀ ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਰਾਜ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਇੰਦਰਜੀਤ ਸਿੰਘ, ਮਿੱਠੂ ਸਿੰਘ, ਦਰਸ਼ਨ ਬਾਵਾ, ਨਾਇਬ ਸਿੰਘ, ਜਤਿੰਦਰ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।