ਪਰਮਜੀਤ ਸਿੰਘ
ਫਾਜ਼ਿਲਕਾ, 25 ਜੁਲਾਈ
ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਫਾਜ਼ਿਲਕਾ ਵਿੱਚ ਥਾਣਾ ਸਦਰ ਫਾਜ਼ਿਲਕਾ ’ਚ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਅਪਰਾਧਕ ਤੱਤਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਫਾਜ਼ਿਲਕਾ ਦੇ ਥਾਣਾ ਸਦਰ ਵਿੱਚ ਡੀਐੱਸਪੀ, ਥਾਣਾ ਸਦਰ ਦੇ ਐੱਸਐੱਚਓ, ਸਮੂਹ ਏਐੱਸਆਈ, ਹੈੱਡ ਕਾਂਸਟੇਬਲ, ਕਾਂਸਟੇਬਲ ਅਤੇ ਹੋਰ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾਕੇ ਚੈਕਿੰਗ ਕੀਤੀ ਗਈ, ਜਿਸ ਵਿੱਚ ਕਈ ਨਸ਼ੇ ਦੇ ਪਦਾਰਥ ਮਿਲੇ, ਨਸ਼ਾ ਵੇਚਣ ਵਾਲੇ, ਕਈ ਚੋਰ, ਮੁਲਜ਼ਮ ਕਾਬੂ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਪਿੰਡਾਂ ’ਚ ਜਾ ਕੇ ਪੰਚਾਇਤਾਂ ਅਤੇ ਆਮ ਲੋਕਾਂ ਨਾਲ ਮੀਟਿੰਗਾਂ ਕਰਨਗੇ, ਕਿਉਂਕਿ ਆਮ ਲੋਕ ਜਦੋਂ ਤੱਕ ਪੁਲੀਸ ਦਾ ਸਾਥ ਨਾ ਦੇਣਗੇ ਅਤੇ ਜਾਣਕਾਰੀ ਨਾ ਦੇਣਗੇ ਤਾਂ ਪੁਲਿਸ ਵੱਲੋਂ ਕਾਰਵਾਈ ਕਿਸ ਤਰ੍ਹਾਂ ਕੀਤੀ ਜਾਵੇਗੀ। ਮੀਟਿੰਗ ਵਿੱਚ ਡੀਐੱਸਪੀ ਸੁਬੇਗ ਸਿੰਘ, ਥਾਣਾ ਸਦਰ ਦੇ ਐੱਸਐੱਚਓ ਬਲਵਿੰਦਰ ਸਿੰਘ ਟੋਹਰੀ ਅਤੇ ਸਮੂਹ ਏਐੱਸਆਈ ਅਤੇ ਹੋਰ ਪੁਲੀਸ ਮੁਲਾਜ਼ਮ ਮੌਜ਼ੂਦ ਸਨ।