ਜੋਗਿੰਦਰ ਸਿੰਘ ਮਾਨ
ਮਾਨਸਾ, 22 ਮਾਰਚ
ਸ਼ਹਿਰ ਦੇ ਇੱਕ ਛੋਟੇ ਦੁਕਾਨਦਾਰ ਦੇ ਮਕਾਨ ਦੀ ਕਰਜ਼ੇ ਬਦਲੇ ਨਿਲਾਮੀ ਰੁਕਵਾਉਣ ਲਈ ਦਿੱਤੇ ਗਏ ਧਰਨੇ ਦੌਰਾਨ ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਵੱਲੋਂ ਧਰਨਾਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਵਿਰੋਧ ਵਜੋਂ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਥਾਣੇ ਦਾ ਘਿਰਾਓ ਕੀਤਾ।
ਘਿਰਾਓ ਦੌਰਾਨ ਲਾਏ ਗਏ ਧਰਨੇ ਵਿੱਚ ਜਥੇਬੰਦਕ ਆਗੂਆਂ ਨੇ ਐਲਾਨ ਕੀਤਾ ਕਿ ਕਿਸੇ ਵੀ ਗਰੀਬ ਵਿਅਕਤੀ ਦਾ ਘਰ ਅਤੇ ਜ਼ਮੀਨ ਕਰਜ਼ੇ ਬਦਲੇ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਬਾਅਦ ਵਿੱਚ ਪੁਲੀਸ ਨੇ ਦੋ ਮਹਿਲਾ ਆਗੂਆਂ ਸਮੇਤ 12 ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਨ੍ਹਾਂ ਨੂੰ ਦੇਰ ਸ਼ਾਮ ਜ਼ਮਾਨਤ ਤੋਂ ਬਾਅਦ ਰਿਹਾਅ ਕਰਨ ਦੀ ਜਾਣਕਾਰੀ ਮਿਲੀ ਹੈ।
ਇਸ ਤੋਂ ਪਹਿਲਾਂ ਥਾਣੇ ਦੇ ਕੀਤੇ ਘਿਰਾਓ ਦੌਰਾਨ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਕੇਂਦਰੀ ਆਗੂ ਰਾਜਵਿੰਦਰ ਰਾਣਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ-ਮਜ਼ਦੂਰ ਅਤੇ ਛੋਟਾ ਦੁਕਾਨਦਾਰ ਕਰਜ਼ੇ ਦੀ ਮਾਰ ਹੇਠ ਆ ਰਿਹਾ ਹੈ।
ਥਾਣਾ ਸਿਟੀ-1 ਮਾਨਸਾ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਗਏ 12 ਜਣਿਆਂ ਨੂੰ 7/51 ਤਹਿਤ ਜ਼ਮਾਨਤ ਕਰਵਾਉਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ।