ਨਿਰੰਜਣ ਬੋਹਾ
ਬੋਹਾ, 25 ਅਪਰੈਲ
ਇੱਥੋਂ ਨੇੜਲੇ ਪਿੰਡ ਹਾਕਮਵਾਲਾ ਦੇ ਸ਼ਹੀਦ ਫ਼ੌਜੀ ਪ੍ਰਭਜੀਤ ਸਿੰਘ ਦੀ ਪਹਿਲੀ ਬਰਸੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਗਈ। ਇਸ ਮੌਕੇ ਸ਼ਹੀਦ ਪ੍ਰਭਜੀਤ ਸਿੰਘ ਦੇ ਆਦਮ ਕੱਦ ਬੁੱਤ ਤੋਂ ਪਰਦਾ ਹਟਾ ਕੇ ਲੋਕ ਅਰਪਣ ਕਰਨ ਦੀ ਰਸਮ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸ਼ਹੀਦ ਦੇ ਪਿਤਾ ਜਗਪਾਲ ਸਿੰਘ ਤੇ ਮਾਤਾ ਗੇਲੋ ਕੌਰ ਨੇ ਨਿਭਾਈ। ਸ਼ਹੀਦ ਪ੍ਰਭਜੀਦ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਉਹ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਸ਼ਹੀਦ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਪਿੰਡ ਵਿੱਚ ਸ਼ਹੀਦ ਦੇ ਨਾਂ ’ਤੇ ਸ਼ਾਨਦਾਰ ਸਟੇਡੀਅਮ ਦੀ ਉਸਾਰੀ ਦਾ ਮੁੱਦਾ ਉਠਾਉਣਗੇ। ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰ ਨੂੰ ਹੋਰ ਬਣਦੀਆਂ ਸਹੂਲਤਾ ਦੇਣ ਲਈ ਵੀ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਜਾਵੇਗਾ।