ਪੱਤਰ ਪ੍ਰੇਰਕ
ਮਾਨਸਾ, 23 ਮਾਰਚ
ਸ਼ੰਘਰਸ਼ੀ ਜਥੇਬੰਦੀਆਂ ਨੇ ਸ਼ਹਿਰ ਦੇ ਇੱਕ ਛੋਟੇ ਦੁਕਾਨਦਾਰ ਦੇ ਘਰ ਦੀ ਨਿਲਾਮੀ ਰੁਕਵਾਉਣ ਲਈ ਥਾਣਾ ਸਿਟੀ-1 ਦੀ ਪੁਲੀਸ ਵੱਲੋਂ ਪਰਿਵਾਰ ਸਮੇਤ ਥਾਣੇ ਡੱਕੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ 24 ਘੰਟੇ ਥਾਣੇ ਦਾ ਘਿਰਾਓ ਕਰ ਕੇ ਰਿਹਾਅ ਕਰਵਾਇਆ। ਸੰਘਰਸ਼ੀ ਜਥੇਬੰਦੀਆਂ ਨੇ ਥਾਣੇ ਸਾਹਮਣੇ ਹੀ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਤੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮਐਲ) ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕੱਲ੍ਹ ਮਾਨਸਾ ਵਿੱਚ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਇਕ ਦੁਕਾਨਦਾਰ ਦੇ ਘਰ ਦੀ ਨਿਲਾਮੀ ਰੁਕਵਾਉਣ ’ਤੇ ਲਬਿਰੇਸ਼ਨ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ, ਇਨਕਲਾਬੀ ਨੌਜਵਾਨ ਸਭਾ ਦੇ ਰਾਹੁਲ, ਪੰਜਾਬ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੁੱਖੀ ਅਤੇ ਪੀੜਤ ਰਾਜ ਕੁਮਾਰ ,ਲਾਲੀ ਸਿੰਘ,ਰਿੰਕਾ ਸਿੰਘ,ਜੱਗਾ ਸਿੰਘ,ਰੀਤੀਕ ਗੋਇਲ, ਤਰਸੇਮ ਸਿੰਘ,ਲੱਖਾ ਸਿੰਘ, ਉਮੇਸ਼,ਰੀਤੂ,ਹੈਰੀ ਸਮੇਤ 12 ਆਗੂਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਿਨ੍ਹਾਂ ਨੂੰ ਅੱਜ ਸੰਘਰਸ਼ ਜ਼ਰੀਏ ਰਿਹਾਅ ਕਰਵਾ ਲਿਆ ਗਿਆ। ਲਬਿਰੇਸ਼ਨ ਨੇ ਮੁੜ ਦੁਹਰਾਇਆ ਕਿ ਮਾਨਸਾ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਾਨ-ਮਜਦੂਰ, ਦੁਕਾਨਦਾਰ ਦੀ ਕੁਰਕੀ ਨੂੰ ਨਿਲਾਮੀ ਵਿੱਚ ਤਬਦੀਲ ਨਹੀਂ ਹੋਣ ਦਿੱਤਾ ਜਾਵੇਗਾ।