ਜਸਵੰਤ ਜੱਸ
ਫਰੀਦਕੋਟ, 17 ਅਕਤੂਬਰ
ਇੱਥੇ ਹੋ ਰਹੀਆਂ ਰਾਜ ਪੱਧਰੀ ਖੇਡਾਂ ਵਿੱਚ ਖੇਡ ਵਿਭਾਗ ਖਿਡਾਰੀਆਂ ਨਾਲ ਹੀ ਖੇਡ ਰਿਹਾ ਹੈ। ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਮੇਂ ਸਿਰ ਖਾਣਾ ਨਹੀਂ ਮਿਲਿਆ। ਖਿਡਾਰੀਆਂ ਦੇ ਨਾਲ-ਨਾਲ ਬਾਹਰਲੇ ਜ਼ਿਲ੍ਹਿਆਂ ਤੋਂ ਸਟਾਫ਼ ਨੂੰ ਵੀ ਅੱਜ ਦੁਪਹਿਰ ਦਾ ਖਾਣਾ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਘੰਟਿਆਂ ਬੱਧੀ ਟੈਂਟ ਵਿੱਚ ਬੈਠ ਕੇ ਖਾਣਾ ਉਡੀਕਣਾ ਪਿਆ। ਖੇਡ ਵਿਭਾਗ ਨੇ ਵਿਦਿਆਰਥੀਆਂ ਨੂੰ ਪੌਸ਼ਟਿਕ ਖਾਣਾ ਦੇਣ ਲਈ ਬਕਾਇਦਾ ਟੈਂਡਰ ਜਾਰੀ ਕੀਤੇ ਸਨ। ਸੂਚਨਾ ਅਨੁਸਾਰ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਕਰੀਬ 4 ਹਜ਼ਾਰ ਖਿਡਾਰੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ ਜਿਨ੍ਹਾਂ ਨੂੰ ਖੇਡ ਵਿਭਾਗ ਨੇ ਤਿੰਨ ਵੇਲੇ ਪੌਸ਼ਟਿਕ ਖਾਣਾ ਦੇਣਾ ਸੀ। ਖਿਡਾਰੀਆਂ ਨੂੰ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੇ 50 ਲੱਖ ਰੁਪਏ ਦੀ ਗਰਾਂਟ ਭੇਜੀ ਹੈ ਪਰੰਤੂ ਇਸ ਦੇ ਬਾਵਜੂਦ ਸੈਂਕੜੇ ਖਿਡਾਰੀ ਖਾਣੇ ਤੋਂ ਵਾਂਝੇ ਰਹੇ। ਦੁਪਹਿਰ ਦੇ ਖਾਣੇ ਵਿੱਚ 100 ਤੋਂ ਵੱਧ ਖਿਡਾਰਣਾਂ ਨੂੰ ਖਾਣਾ ਨਹੀਂ ਮਿਲਿਆ ਅਤੇ ਉਹ ਟੈਂਟ ਵਿੱਚ ਦੋ ਘੰਟੇ ਖਾਣਾ ਉਡੀਕਣ ਤੋਂ ਬਾਅਦ ਭੁੱਖੇ ਭਾਣੇ ਵਾਪਸ ਚਲੀਆਂ ਗਈਆਂ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਖਿਡਾਰੀਆਂ ਨੂੰ ਫਿਲਟਰ ਕੀਤਾ ਪਾਣੀ ਮੁਹੱਈਆ ਕਰਵਾਇਆ ਜਾਣਾ ਸੀ ਪਰੰਤੂ ਖਿਡਾਰੀਆਂ ਨੂੰ ਇਹ ਪਾਣੀ ਵੀ ਨਹੀਂ ਮਿਲਿਆ ਅਤੇ ਬਹੁਤੇ ਖਿਡਾਰੀਆਂ ਨੇ ਨਲਕਿਆਂ ਦਾ ਪਾਣੀ ਪੀ ਕੇ ਡੰਗ ਟਪਾਇਆ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਇਸ ਘਟਨਾ ’ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਜੋ ਬਾਸਕਟਬਾਲ ਦੇ ਕੌਮੀ ਖਿਡਾਰੀ ਵੀ ਹਨ, ਨੇ ਕਿਹਾ ਕਿ ਇਸ ਸਬੰਧੀ ਡਾਇਰੈਕਟਰ ਖੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਮਾਮਲੇ ਦੀ ਪੜਤਾਲ ਕਰਕੇ ਕੁਤਾਹੀ ਕਰਨ ਵਾਲਿਆਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖਾਣੇ ਲਈ 50 ਲੱਖ ਰੁਪਏ ਭੇਜੇ ਹਨ। ਇਸ ਦੇ ਬਾਵਜੂਦ ਪ੍ਰਬੰਧਕੀ ਘਾਟਾਂ ਕਰਕੇ ਖਿਡਾਰੀਆਂ ਨੂੰ ਖੱਜਲ-ਖੁਆਰ ਹੋਣਾ ਪਿਆ।