ਰਵਿੰਦਰ ਰਵੀ/ਪ੍ਰਸ਼ੋਤਮ ਬੱਲੀ
ਬਰਨਾਲਾ, 5 ਜਨਵਰੀ
ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਹੜਤਾਲ ’ਤੇ ਚੱਲ ਰਹੇ ਕੌਮੀ ਸਿਹਤ ਮਿਸ਼ਨ (ਐਨਐਚਐਮ) ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਅੱਜ ਵਰ੍ਹਦੇ ਮੀਂਹ ਵਿੱਚ ਵੀ ਸਿਵਲ ਹਸਪਤਾਲ ਦੇ ਪਾਰਕ ਵਿੱਚ ਇਕੱਠੇ ਹੋਏ ਸਿਹਤ ਮੁਲਾਜ਼ਮਾਂ ਵੱਲੋਂ ਚੰਨੀ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਿਹਤ ਮੁਲਾਜ਼ਮਾਂ ਨੇ ਕਿਹਾ ਕਿ ਉਹ ਆਰਥਿਕ ਨੁਕਸਾਨ ਦੇ ਨਾਲ ਨਾਲ ‘ਕੱਚੇ’ ਹੋਣ ਦਾ ਸੰਤਾਪ ਹੰਢਾਉਣ ਕਾਰਨ ਸਮਾਜਿਕ ਤੇ ਮਾਨਸਿਕ ਸੰਤਾਪ ਵੀ ਹੰਢਾ ਰਹੇ ਹਨ।
ਇਸ ਮੌਕੇ ਐੱਨਐੱਚਐੱਮ ਯੂਨੀਅਨ ਦੀ ਜ਼ਿਲ੍ਹਾ ਆਗੂ ਸੰਦੀਪ ਕੌਰ ਸੀਐਚਓ, ਨੀਰਜ, ਹਰਜੀਤ ਸਿੰਘ, ਮਨਜਿੰਦਰ ਸਿੰਘ, ਨਵਦੀਪ ਸਿੰਘ, ਕਮਲਜੀਤ ਕੌਰ ਪੱਤੀ, ਲਖਵੰਤ ਸਿੰਘ, ਜਸਵਿੰਦਰ ਸਿੰਘ, ਯਾਦਵਿੰਦਰ ਸਿੰਘ, ਵਿਪਨ, ਵੀਰਪਾਲ ਕੌਰ, ਨਰਿੰਦਰ ਸਿੰਘ, ਸੁਖਪਾਲ ਸਿੰਘ ਤੇ ਰੁਪਿੰਦਰ ਕੌਰ ਆਦਿ ਨੇ ਕਿਹਾ ਕਿ ਉਹ ਆਪਣੀਆਂ ਅਸਾਮੀਆਂ ਲਈ ਯੋਗਤਾ ਪੂਰੀ ਕਰਦੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਰੈਗੂਲਰ ਨਾ ਕਰਕੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੱਚੇ ਕਾਮੇ ਪੱਕੇ ਨਾ ਕੀਤੇ ਤਾਂ ਉਹ ਚੋਣ ਜ਼ਾਬਤਾ ਲੱਗਣ ਉਪਰੰਤ ਵੀ ਚੁੱਪ ਨਹੀਂ ਬੈਠਣਗੇ ਅਤੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਦਾ ਮੈਦਾਨ ਇਸੇ ਤਰ੍ਹਾਂ ਮੱਲਣਗੇ ਤੇ ਪੰਜਾਬ ਦੇ ਲੋਕਾਂ ਅੱਗੇ ਚੰਨੀ ਸਰਕਾਰ ਦੇ ਝੂਠਾਂ ਨੂੰ ਉਜਾਗਰ ਕਰਨਗੇ।