ਰੋਹਿਤ ਗੋਇਲ
ਪੱਖੋ ਕੈਂਚੀਆਂ, 20 ਦਸੰਬਰ
ਸਨਅਤੀ ਕਸਬਾ ਪੱਖੋ ਕੈਂਚੀਆਂ ਨੇੜੇ ਲਾਇਆ ਗਿਆ ਟੌਲ ਪਲਾਜ਼ਾ ਅੱਜ ਤੋਂ ਸ਼ੁਰੂ ਕਰਨ ਦੀ ਤਿਆਰੀ ਕੰਪਨੀ ਵੱਲੋਂ ਕੀਤੀ ਗਈ ਹੈ। ਇਸ ਸਬੰਧ ਵਿੱਚ ਟੌਲ ਪਲਾਜ਼ਾ ਕੰਪਨੀ ਨੇ ਬੀਤੇ ਦੋ ਦਿਨਾਂ ਤੋਂ ਟੌਲ ਪਲਾਜ਼ੇ ’ਤੇ ਰੱਖੇ ਜਾਣ ਵਾਲੇ ਸਟਾਫ਼ ਦੀ ਭਰਤੀ ਕਰ ਲਈ ਹੈ ਅਤੇ ਟੌਲ ਪਲਾਜ਼ਾ ਉੱਤੇ ਕੈਮਰੇ ਲਾਈਟਾਂ ਆਦਿ ਲਾਏ ਜਾਣ ਦਾ ਕੰਮ ਜਾਰੀ ਹੈ ਪਰ ਦੂਜੇ ਪਾਸੇ ਇਹ ਟੌਲ ਪਲਾਜ਼ਾ ਨੈਸ਼ਨਲ ਹਾਈਵੇਅ ਬਰਨਾਲਾ-ਮੋਗਾ ਸੜਕ ’ਤੇ ਲਾਇਆ ਗਿਆ ਹੈ, ਕਿਉਂਕਿ ਵੀ.ਆਰ.ਸੀ. ਕੰਪਨੀ ਵੱਲੋਂ ਇਸ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਜਦੋਂ ਕੰਪਨੀ ਵੱਲੋਂ ਇਹ ਟੌਲ ਪਲਾਜ਼ਾ ਪੱਖੋ ਕੈਂਚੀਆਂ ਕੋਲ ਲਾਇਆ ਜਾ ਰਿਹਾ ਸੀ ਤਾਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਦੀ ਅਗਵਾਈ ’ਚ ਧਰਨਾ ਦਿੱਤਾ ਗਿਆ ਸੀ, ਭਾਵੇਂ ਉਸ ਵੇਲੇ ਟੌਲ ਪਲਾਜ਼ਾ ਹਟਾਏ ਜਾਣ ਦਾ ਮੁੱਦਾ ਹੱਲ ਨਹੀਂ ਹੋ ਸਕਿਆ ਸੀ ਪਰ ਕੰਪਨੀ ਵੱਲੋਂ ਸਹਿਣਾ-ਭਦੌੜ ਸੜਕ ਮੁਕੰਮਲ ਕਰ ਕੇ ਟੌਲ ਪਲਾਜ਼ਾ ਚਾਲੂ ਕਰਨ ਦਾ ਪ੍ਰਚਾਰ ਕੀਤਾ ਗਿਆ ਸੀ। ਚਾਰ ਸਾਲ ਤੋਂ ਸਹਿਣਾ-ਭਦੌੜ ਸੜਕ ਲਟਕ ਕੇ ਬਣ ਰਹੀ ਹੈ, ਜੋ ਹਾਲੇ ਤੱਕ ਨੇਪਰੇ ਨਹੀਂ ਚੜ੍ਹ ਸਕੀ, ਜਦੋਂਕਿ ਟੌਲ ਪਲਾਜ਼ਾ ਸ਼ੁਰੂ ਹੋ ਰਿਹਾ ਹੈ। ਸਭ ਤੋਂ ਵੱਧ ਇਸ ਟੌਲ ਪਲਾਜ਼ੇ ਦਾ ਖ਼ਮਿਆਜ਼ਾ ਸਹਿਣਾ-ਭਦੌੜ ਤੋਂ ਆਉਣ ਵਾਲੇ ਰਾਹਗੀਰਾਂ ਨੂੰ ਭੁਗਤਣਾ ਪਵੇਗਾ, ਕਿਉਂਕਿ ਸਹਿਣਾ-ਭਦੌੜ ਸੜਕ ਹਾਲੇ ਤੱਕ ਵਿਚਾਲੇ ਲਟਕ ਰਹੀ ਹੈ। ਸ਼ਹਿਣਾ-ਭਦੌੜ ਤੋਂ ਆਉਣ ਵਾਲੇ ਰਾਹਗੀਰਾਂ ਨੂੰ ਸਿਰਫ਼ ਅੱਧਾ ਕਿਲੋਮੀਟਰ ਨੈਸ਼ਨਲ ਹਾਈਵੇਅ ’ਤੇ ਚੜ੍ਹਨ ’ਤੇ ਹੀ ਪਰਚੀ ਕਟਵਾਉਣੀ ਪਵੇਗੀ। ਸੂਤਰਾਂ ਅਨੁਸਾਰ ਪਿੰਡਾਂ ’ਚ ਇਸ ਟੌਲ ਪਲਾਜ਼ੇ ਖ਼ਿਲਾਫ਼ ਗੱਲਾਂ ਸ਼ੁਰੂ ਹੋ ਗਈਆਂ ਹਨ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਟੋੱਲ ਪਲਾਜ਼ੇ ’ਤੇ ਵਧਾਈ ਪਰਚੀ ਦਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਮਹਿਲ ਕਲਾਂ ਟੌਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ ਖਤਮ
ਮਹਿਲ ਕਲਾਂ (ਨਵਕਿਰਨ ਸਿੰਘ) ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਮਹਿਲ ਕਲਾਂ ਵਿੱਚ ਟੌਲ ਪਲਾਜ਼ਾ ਅੱਗੇ ਚੱਲ ਰਿਹਾ ਧਰਨਾ ਟੌਲ ਪਲਾਜ਼ਾ ਚਲਾ ਰਹੀ ਕੰਪਨੀ ਵੱਲੋਂ ਅਗਲੇ ਤਿੰਨ ਮਹੀਨਿਆਂ ਤੱਕ ਟੌਲ ਰੇਟ ਵਿੱਚ ਵਾਧਾ ਨਾ ਕਰਨ ਦੀ ਲਿਖਤੀ ਸਹਿਮਤੀ ਦੇਣ ਤੋਂ ਬਾਅਦ ਅੱਜ 445ਵੇਂ ਦਿਨ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਕੰਪਨੀ ਵੱਲੋਂ ਟੌਲ ਪਲਾਜ਼ਾ ਉੱਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਪਿਛਲੀਆਂ ਰਹਿੰਦੀਆਂ ਤਣਖਾਹਾਂ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਸੁਖਦੇਵ ਸਿੰਘ ਕੁਰੜ, ਸੋਹਣ ਸਿੰਘ ਮਹਿਲ ਕਲਾਂ ਆਦਿ ਨੇ ਦੱਸਿਆ ਕਿ ਉਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਵਜੋਂ ਟੌਲ ਪਲਾਜ਼ਾ ਅੱਗੇ ਧਰਨਾ ਲਗਾਇਆ ਸੀ ਅਤੇ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਦੀ ਵਾਪਸੀ ਉਪਰੰਤ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਲੰਘੀਂ 15 ਦਸੰਬਰ ਨੂੰ ਜ਼ਿਆਦਾਤਰ ਧਰਨੇ ਸਮਾਪਤ ਕਰ ਦਿੱਤੇ ਗਏ ਸਨ ਪਰ ਟੌਲ ਪਲਾਜ਼ਾ ਕੰਪਨੀਆਂ ਵੱਲੋਂ ਟੌਲ ਦੇ ਰੇਟ ਵਧਾਉਣ ਕਾਰਨ ਟੌਲ ਪਲਾਜ਼ਿਆਂ ਅੱਗੇ ਧਰਨੇ ਜਾਰੀ ਰੱਖੇ ਸਨ ਅਤੇ ਅੱਜ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਟੌਲ ਪਲਾਜ਼ਾ ਚਲਾ ਰਹੀ ਕੰਪਨੀ ਵੱਲੋਂ ਅਗਲੇ ਤਿੰਨ ਮਹੀਨਿਆਂ ਤੱਕ ਟੌਲ ਰੇਟ ਨਾ ਵਧਾਉਣ ਦਾ ਲਿਖਤੀ ਭਰੋਸਾ ਦੇਣ ਬਾਅਦ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਕੇ ਇਹ ਧਰਨਾ ਵੀ ਸਮਾਪਤ ਕਰ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਐੱਮਐੱਸਪੀ ਸਮੇਤ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਖਾਤਰ ਸੰਘਰਸ਼ ਜਾਰੀ ਰਹੇਗਾ।