ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 14 ਅਪਰੈਲ
ਇਤਿਹਾਸਕ ਨਗਰ ਭਗਤਾ ਭਾਈ ਵਿਖੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਇਥੋਂ ਦੇ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਪੁਰਾਤਨ ‘ਭੂਤਾਂ ਵਾਲਾ ਖੂਹ’ ਨੂੰ ਜਾਂਦੇ ਰਸਤਿਆਂ ਦੀਆਂ ਕੰਧਾਂ ਉਪਰ ਇਤਿਹਾਸਕ ਚਿੱਤਰ ਬਣਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ। ਸਮਾਜ ਸੇਵੀ ਨੌਜਵਾਨ ਗੀਤਕਾਰ ਪੱਪਾ ਭਗਤਾ ਤੇ ਹਰਿੰਦਰ ਸਿੰਘ ਹਿੰਦਾ ਨੇ ਦੱਸਿਆ ਕਿ ਇਸ ਕਾਰਜ ਦਾ ਉਦੇਸ਼ ਜਿੱਥੇ ਭੂਤਾਂ ਵਾਲਾ ਖੂਹ ਨੂੰ ਜਾਂਦੇ ਰਸਤੇ ਦੀ ਦਿੱਖ ਤੇ ਸੁੰਦਰਤਾ ਵਿਚ ਵਾਧਾ ਕਰਨਾ ਹੈ, ਉਥੇ ਇਤਿਹਾਸਕ ਚਿੱਤਰਾਂ ਰਾਹੀਂ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਨਾਲ ਜੋੜ ਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਵਿਚ ਅਵਤਾਰ ਸਿੰਘ ਤਾਰੀ ਕੈਨੇਡਾ, ਸਮਰਪਾਲ ਕੈਨੇਡਾ, ਸੁਖਜਿੰਦਰ ਸਿੰਘ ਖੂਹ ਵਾਲੇ ਕੈਨੇਡਾ, ਸੁੱਖੀ ਨੰਬਰਦਾਰ ਕੈਨੇਡਾ, ਗਾਇਕ ਸੱਜਣ ਅਦੀਬ, ਭਾਈ ਬਹਿਲੋ ਸੇਵਾ ਸੁਸਾਇਟੀ, ਸਤਿਕਾਰ ਕਮੇਟੀ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਮਹਿਲ ਸਾਹਿਬ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਤਿਹਾਸਕ ਤਸਵੀਰਾਂ ਬਣਾਉਣ ਦੀ ਸੇਵਾ ਨਾਮੀ ਚਿੱਤਰਕਾਰ ਯੋਗਰਾਜ ਸਿੰਘ ਮਲਕ ਤੇ ਭੋਲਾ ਸਿੰਘ ਨਿਭਾ ਰਹੇ ਹਨ।