ਜਗਤਾਰ ਅਨਜਾਣ
ਮੌੜ ਮੰਡੀ, 3 ਅਕਤੂਬਰ
ਪਿੰਡ ਮਾਣਕ ਖਾਨਾ ਤੇ ਰਾਏ ਖਾਨਾ ਦੀਆਂ ਗ੍ਰਾਮ ਪੰਚਾਇਤਾਂ ਦੂਜੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਲਈ ਪ੍ਰੇਰਨਾਦਾਇਕ ਸਾਬਤ ਹੋ ਰਹੀਆਂ ਹਨ, ਦੋਵਾਂ ਗ੍ਰਾਮ ਪੰਚਾਇਤਾਂ ਵੱਲੋਂ ਗ੍ਰਾਮ ਸਭਾ ਦੇ ਆਮ ਇਜਲਾਸ ਦੀਆਂ ਮੀਟਿੰਗਾਂ ਦੌਰਾਨ ਵਾਟਰ ਸਪਲਾਈ ਦੇ ਪਾਣੀ ਦੇ ਪੁਰਾਣੇ ਬਕਾਏ ਮੁਆਫ਼ ਕਰਨ ਅਤੇ ਬੇਘਰੇ ਬੇਜ਼ਮੀਨੇ ਪਿੰਡ ਵਾਸੀਆਂ ਨੂੰ ਪੰਜ-ਪੰਜ ਮਰਲੇ ਦੇ ਪਲਾਂਟ ਦੇਣ ਦੇ ਮਤੇ ਪਾਸ ਕਰ ਦਿੱਤੇ ਹਨ। ਆਮ ਇਜਲਾਸ ਸਮੇਂ ਸਭਾ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਪੰਚਾਇਤ ਦੇ ਫ਼ੈਸਲਿਆਂ ’ਤੇ ਮੋਹਰ ਲਾਈ ਹੈ। ਪਿੰਡ ਰਾਏ ਖਾਨਾ ਦੇ ਆਮ ਇਜਲਾਸ ਦੀ ਪ੍ਰਧਾਨਗੀ ਸਭਾਪਤੀ ਮਲਕੀਤ ਖਾਨ ਨੇ ਕੀਤੀ। ਇਸ ਮੌਕੇ ਗੁਲਾਬੀ ਸੁੰਡੀ ਦੇ ਹਮਲੇ ਨਾਲ ਖਰਾਬ ਹੋਏ ਨਰਮੇ ਦੇ ਮੁਆਵਜ਼ੇ ਲਈ ਅਤੇ ਨਰਮੇ ਦੀ ਚੁਗਾਈ ਵਾਲੇ ਮਜ਼ਦੂਰਾਂ ਲਈ ਸਹਾਇਤਾ ਦੀ ਸਰਕਾਰ ਤੋਂ ਮੰਗ ਕੀਤੀ ਗਈ। ਪਿੰਡ ਦੇ ਸ਼ਮਸ਼ਾਨਘਾਟ ਇੱਕ ਕਰਨ ਦੇ ਸ਼ਲਾਘਾਯੋਗ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ, ਇਸ ਤੋਂ ਇਲਾਵਾ ਜੈਵਿਕ ਖੇਤੀ ਕਰਨ ਅਤੇ ਨਰਸਰੀ ਬਣਾਉਣ, ਵਿਕਾਸ ਕਾਰਜਾਂ ਦੀ ਚੋਣ, ਅਧੂਰੇ ਰਹਿੰਦੇ ਕਾਰਜਾਂ ਨੂੰ ਪੂਰਾ ਕਰਨ ਲਈ ਸਰਕਾਰ ਪਾਸੋਂ ਗਰਾਂਟ ਦੀ ਮੰਗ ਰੱਖੀ ਗਈ।
ਦੂਜੇ ਪਾਸੇ ਪਿੰਡ ਮਾਣਕ ਖਾਨਾ ਗ੍ਰਾਮ ਸਭਾ ਦੀ ਚੇਅਰਪਰਸਨ ਸੈਸ਼ਨਦੀਪ ਕੌਰ ਨੇ ਗ੍ਰਾਮ ਸਭਾ ਦੇ ਆਮ ਇਜਲਾਸ ਦੀ ਪ੍ਰਧਾਨਗੀ ਕਰਦਿਆਂ ਅਵਾਰਾ ਪਸ਼ੂਆਂ ਦੇ ਹੱਲ ਲਈ ਕਮੇਟੀ ਦਾ ਗਠਨ ਕੀਤਾ ਤੇ ਪਿੰਡ ਨੂੰ ਨਾਲੀਆਂ ਤੋਂ ਮੁਕਤ ਕਰਨ ਲਈ ਮਿਨੀ ਸੀਵਰੇਜ ਪਾਉਣ ਦੀ ਗ੍ਰਾਮ ਸਭਾ ਦੇ ਮੈਂਬਰਾਂ ਤੋਂ ਪ੍ਰਵਾਨਗੀ ਲਈ। ਨਰਮੇ ਦੇ ਖ਼ਰਾਬੇ ਵਾਲਿਆਂ ਕਿਸਾਨਾਂ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਨ ਦੇ ਮਤੇ ਵੀ ਪਾਸ ਕੀਤੇ ਗਏ।
ਕੈਪਸ਼ਨ = ਪਿੰਡ ਮਾਣਕ ਖਾਨਾ ਦੇ ਆਮ ਇਜਲਾਸ ਦੌਰਾਨ ਸੰਬੋਧਨ ਕਰਦੀ ਹੋਈ ਸਰਪੰਚ ਸੈਸ਼ਨਦੀਪ ਕੌਰ।