ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ 16 ਜਨਵਰੀ
ਮੇਲਾ ਮਾਘੀ ਮੌਕੇ ਕੋਕੇ ਜੜੇ ਖੂੰਡੇ ਅਤੇ ਸੰਮਾਂ ਵਾਲੀਆਂ ਡਾਗਾਂ ਲੋਕ ਸ਼ੌਕ ਨਾਲ ਖਰੀਦਦੇ ਸਨ। ਪਰ ਇਸ ਵਾਰ ਮੇਲੀਆਂ ਨੂੰ ਸਿਰਫ ਸੰਮਾਂ ਵਾਲੀ ਡਾਂਗ ਦੀ ਹੀ ਸਰਦਾਰੀ ਹੈ, ਕਿਉਂਕਿ ਮਸਲ ਬਾਂਸ ਦੇ ਖੂੰਡੇ ਗਾਇਬ ਹੋ ਗਏ ਹਨ। ਹੁਣ ਤਾਂ ਸੋਟੀ ਉਪਰ ਪਲਾਸਟਿਕ ਦਾ ਮੁੱਠਾ ਲਾ ਕੇ ਖੂੰਡੇ ਦਾ ਕੰਮ ਲਿਆ ਜਾਂਦਾ ਹੈ। ਜਦੋਂ ਕਿ ਅਸਲ ਖੂੰਡਾ ਬਾਂਸ ਦੀ ਜੜ੍ਹ ਦਾ ਬਣਦਾ ਸੀ। ਇਹ ਭਾਰੀ, ਮਜ਼ਬੂਤ ਤੇ ਕੁਦਰਤੀ ਤੌਰ ’ਤੇ ਬਣੇ ਹੱਥੇ ਵਾਲਾ ਹੁੰਦਾ ਸੀ। ਦਹਾਕਾ ਪਹਿਲਾਂ ਤੱਕ ਖੂੰਡੇ, ਮੇਲੀਆਂ ਦੀ ਪਹਿਲੀ ਪਸੰਦ ਬਣਦੇ ਸਨ। ਪਰ ਹੁਣ ਇਹ ਖੂੰਡੇ ਗਾਇਬ ਹੋ ਗਏ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਂਸ ਦੇ ਜੰਗਲ ਘਟਣ ਕਰਕੇ ਖੂੰਡੇ ਵਰਗੀਆਂ ਰਵਾਇਤੀ ਵਸਤਾਂ ਤਿਆਰ ਨਹੀਂ ਹੁੰਦੀਆਂ। ਇਹ ਖੂੰਡਾ ਤਿੰਨ ਤੋਂ ਪੰਜ ਸੌ ਰੁਪਏ ਵਿੱਚ ਤਿਆਰ ਹੁੰਦਾ ਸੀ। ਹੁਣ ਤਾਂ ਡਾਂਗ ਨੂੰ ਹੀ ਕੋਕੇ, ਪੱਤੀਆਂ, ਸੰਮ ਤੇ ਮੁੱਠਾ ਲਵਾ ਕੇ ਹੀ ਸ਼ੌਕ ਪੂਰਾ ਕੀਤਾ ਜਾਂਦਾ ਹੈ। ਡਾਂਗ ਲੋੜ ਅਨੁਸਾਰ ਭਾਰੀ ਜਾਂ ਹੌਲੀ ਹੋ ਸਕਦੀ ਹੈ ਪਰ ਮਜ਼ਬੂਤੀ ਇਕੋ ਜਿਹੀ ਹੁੰਦੀ ਹੈ। ਆਮ ਡਾਂਗ 5 ਫੁੱਟ ਦੀ ਹੁੰਦੀ ਹੈ। ਮੇਲੇ ਵਿੱਚ ਡਾਗਾਂ ਦੀਆਂ ਕਰੀਬ ਦਰਜਨ ਭਰ ਦੁਕਾਨਾਂ ਲੱਗੀਆਂ ਹਨ। ਦੁਕਾਨਦਾਰ ਨੇ ਦੱਸਿਆ ਕਿ ਬਾਂਸ ਨੂੰ ਕੱਟ ਕੇ ਭੱਠੀਆਂ ’ਚ ਪਕਾਇਆ ਜਾਂਦਾ ਹੈ। ਰੰਗ ਕੀਤਾ ਜਾਂਦਾ ਹੈ। ਇਹ ਕਾਫੀ ਮੁਸ਼ੱਕਤ ਵਾਲਾ ਕੰਮ ਹੁੰਦਾ ਹੈ। ਇਸ ਤਰ੍ਹਾਂ ਤਿਆਰ ਕੀਤੇ ਬਾਂਸ ਨੂੰ ਘੁਣ ਨਹੀਂ ਲੱਗਦਾ। ਸੰਭਾਲ ਕੇ ਰੱਖੀ ਸੋਟੀ, ਖੂੰਡੀ ਜਾਂ ਦਸਤੀ ਕਈ ਪੀੜ੍ਹੀਆਂ ਤੱਕ ਚੱਲਦੀ ਹੈ।