ਦੋਦਾ (ਜਸਵੀਰ ਸਿੰਘ ਭੁੱਲਰ): ਇਲਾਕੇ ਵਿੱਚ ਗਸ਼ਤ ਦੌਰਾਨ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਡਾ. ਸਚਿਨ ਗੁਪਤਾ ਦੀ ਮੁਸਤੈਦੀ ’ਤੇ ਫੌਰੀ ਕਾਰਵਾਈ ਸਦਕਾ ਇੱਕ ਵਿਅਕਤੀ ਜੋ ਕਿ ਸੜਕ ਹਾਦਸੇ ਦੌਰਾਨ ਨਾਲ ਵਗਦੇ ਰਜਬਾਹੇ ਵਿੱਚ ਜਾ ਡਿੱਗਿਆ ਸੀ ਦੀ ਜਾਨ ਬਚ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਐਸਐਸਪੀ ਗਸ਼ਤ ’ਤੇ ਸਨ ਕਿ ਇਸੇ ਦੌਰਾਨ ਉਨ੍ਹਾਂ ਇਕ ਹਾਦਸਾਗ੍ਰਸਤ ਵਾਹਨ ਦੇਖਿਆ। ਉਹ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਕੋਈ ਦਿਖਾਈ ਨਹੀਂ ਦਿੱਤਾ। ਇਸੇ ਦੌਰਾਨ ਉਨ੍ਹਾਂ ਗੱਡੀ ਦੀਆਂ ਲਾਈਟਾਂ ਨੇੜੇ ਵਗਦੇ ਰਜਵਾਹੇ ਵੱਲ ਕੀਤੀਆਂ ਤਾਂ ਦੇਖਿਆ ਕਿ ਇਕ ਵਿਅਕਤੀ ਉਥੇ ਫਸਿਆ ਹੋਇਆ ਹੈ। ਉਨ੍ਹਾਂ ਆਪਣੇ ਗੰਨਮੈਨਾਂ ਗੁਰਵਿੰਦਰ ਸਿੰਘ ਅਤੇ ਹੋਰਾਂ ਨਾਲ ਮਿਲ ਕੇ ਉਸ ਵਿਅਕਤੀ ਨੂੰ ਪਾਣੀ ਵਿਚੋਂ ਕੱਢਿਆ ਤੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਪਹੁੰਚਾਇਆ। ਸਮੇਂ ਸਿਰ ਮੁੱਢਲੀ ਮਦਦ ਮਿਲਣ ਕਾਰਨ ਜ਼ਖ਼ਮੀ ਦੀ ਜਾਨ ਬਚ ਗਈ। ਜ਼ਖਮੀ ਦੀ ਪਛਾਣ ਏਅਰਫੋਰਸ ਮੁਲਾਜ਼ਮ ਵਜੋਂ ਹੋਈ ਹੈ ਜੋ ਆਟੋ ਰਿਕਸ਼ਾ ’ਤੇ ਜਾ ਰਿਹਾ ਸੀ ਕਿ ਹਾਦਸਾ ਵਾਪਰ ਗਿਆ। ਐਸਐਸਪੀ ਸਚਿਨ ਗੁਪਤਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਹਾਦਸੇ ਦੀ ਇਤਲਾਹ ਤੁਰਤ ਪੁਲੀਸ ਨੂੰ ਦੇਣੀ ਚਾਹੀਦੀ ਹੈ।