ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਅਗਸਤ
ਸਥਾਨਕ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦਾ ਕਾਰਜਕਾਲ ਵੱਡੇ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਜਾਣਿਆ ਜਾਵੇਗਾ। ਪਹਿਲੀ ਵਾਰ ਅਜਿਹਾ ਹੋਵੇਗਾ ਕਿ ਆਮ ਲੋਕ ਤੇ ਵਿਰੋਧੀ ਧਿਰਾਂ ਐੱਸਐੱਸਪੀ ਦੀ ਕਾਰਜਸ਼ੈਲੀ ਤੋਂ ਸਤੁੰਸ਼ਟ ਤੇ ਹਾਕਮ ਧਿਰ ਆਗੂ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੀ ਨਹੀਂ ਰਹੇ ਸਗੋਂ ਧਰਨੇ ਲਗਾਉਣ ਤੱਕ ਨੌਬਤ ਜਾ ਪਹੁੰਚੀ ਸੀ। ਜਦੋਂ ਵੀ ਕੋਈ ਤਬਾਦਲਾ ਸੂਚੀ ਜਾਰੀ ਹੁੰਦੀ ਸੀ ਤਾਂ ਹਾਕਮ ਧਿਰ ਆਗੂ ਸੂਚੀ ਵਿੱਚ ਐੱਸਐੱਸਪੀ ਗਿੱਲ ਦਾ ਨਾਮ ਨਾ ਹੋਣ ਤੋਂ ਨਿਰਾਸ਼ ਦਿਖਾਈ ਦਿੰਦੇ।
ਉਨ੍ਹਾਂ ਬੀਤੇ ਵਰ੍ਹੇ ਦੀ 16 ਫ਼ਰਵਰੀ ਨੂੰ ਇਥੇ ਬਤੌਰ ਐੱਸਐੱਸਪੀ ਅਹੁਦਾ ਸੰਭਾਲਿਆ ਤੇ ਕਰੋਨਾ ਸੰਕਟ ’ਚ ਕਾਰੋਬਾਰੀਆਂ, ਡਾਕਟਰਾਂ ਤੇ ਹੋਰ ਅਮੀਰ ਲੋਕਾਂ ਨੂੰ ਕਰੋੜਾਂ ਰੁਪਏ ਦੀ ਫ਼ਿਰੌਤੀ ਲਈ ਫੋਨ ਕਾਲਾਂ ਆਉਣ ਲੱਗੀਆਂ। ਇਸ ਦੌਰਾਨ ਫ਼ਿਰੌਤੀ ਨਾ ਦੇਣ ਉੱਤੇ ਕੱਪੜਾ ਵਪਾਰੀ ਦੀ ਹੱਤਿਆ ਤੇ ਹੋਰ ਕਾਰੋਬਾਰੀ ਉੱਤੇ ਗੋਲੀ ਨਾਲ ਜਾਨਲੇਵਾ ਹਮਲਾ ਵੀ ਹੋਇਆ। ਬੀਤੇ ਵਰ੍ਹੇ ਆਜ਼ਾਦੀ ਦਿਹਾੜੇ ਤੋਂ 24 ਘੰਟੇ ਪਹਿਲਾਂ ਜ਼ਿਲ੍ਹਾ ਸਕੱਤਰੇਤ ਉੱਤੇ ਖਾਲਿਸਤਾਨ ਦਾ ਝੰਡਾ ਝੁਲਾਉਣ ਤੇ ਕੌਮੀ ਝੰਡੇ ਦੀ ਬੇਅਦਬੀ ਤੇ ਹੋਰ ਕਈ ਸੰਗੀਨ ਅਪਰਾਧ ਹੋਏ। ਉਨ੍ਹਾਂ ਇਸ ਚਣੌਤੀ ਭਰੇ ਮਾਹੌਲ ਵਿੱਚ ਪੁਲੀਸ ਫੋਰਸ ਦੀ ਅਗਵਾਈ ਕੀਤੀ। ਫ਼ਿਰੌਤੀ ਤੇ ਹੋਰ ਸੰਗੀਨ ਜੁਰਮਾਂ ਦਾ ਅਸਰਦਾਰ ਢੰਗ ਹੱਲ ਕਰਕੇ ਲੋਕਾਂ ਦੇ ਮਨਾਂ ਅੰਦਰ ਪੁਲੀਸ ਦਾ ਵਿਸ਼ਵਾਸ ਕਾਇਮ ਕੀਤਾ। ਐੱਸਐੱਸਪੀ ਗਿੱਲ ਹੁਣ ਐੱਸਬੀਐੱਸ ਨਗਰ ਦੇ ਜ਼ਿਲ੍ਹਾ ਪੁਲੀਸ ਮੁਖੀ ਹੋਣਗੇ। ਮੋਗਾ ਵਿੱਚ ਉਨ੍ਹਾਂ ਦੀ ਥਾਂ ਤਰਨ ਤਾਰਨ ਤੋਂ ਧਰੂਮਨ ਐੱਚ ਨਿੰਬਲੇ ਲੈਣਗੇ।