ਧਰਮਪਾਲ ਸਿੰਘ ਤੂਰ
ਸੰਗਤ ਮੰਡੀ ,7 ਜਨਵਰੀ
ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਬੈਠੇ ਸਪੋਰਟਸ ਸਕੂਲ ਘੁੱਦਾ ਦੇ ਸਕੂਲ ਸਟਾਫ, ਦਫਤਰੀ ਸਟਾਫ, ਕੋਚ ਅਤੇ ਗਰਾਊਂਡ ਮੈਨਟੀਨੈਂਸ ਸਟਾਫ ਵੱਲੋਂ ਅੱਜ ਸਕੂਲ ਪ੍ਰਿਸੀਪਲ ਦੇ ਦਫਤਰ ਮੂਹਰੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਧਰਨਾ ਦੇ ਰਹੇ ਸਕੂਲ ਸਟਾਫ ਦੇ ਵਾਲੀਵਾਲ ਕੋਚ ਗੁਰਪਾਲ ਸਿੰਘ ਅਤੇ ਕੋਚ ਬਲਜਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਸਮੇ ਤੋਂ ਪੰਜਾਬ ਸਰਕਾਰ ਵੱਲੋ ਉਨ੍ਹਾਂ ਨੂੰ ਪਿਛਲੇ ਛੇ ਮਹੀਨੇ ਤੋਂ ਕੋਈ ਤਨਖਾਹ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਵੀ ਉਹ ਕੰਮ ਕਰਦੇ ਰਹੇ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਸਕੂਲ ਪ੍ਰਿਸੀਪਲ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਕੋਈ ਵੀ ਹੱਲ ਨਹੀ ਹੋ ਰਿਹਾ। ਉਨ੍ਹਾਂ ਕਿਹਾ ਕਿ ਅਗਰ ਜੇਕਰ ਉਨ੍ਹਾ ਦੀ ਤਨਖਾਹ ਨਹੀਂ ਮਿਲਦੀ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਕਲਮ ਛੋੜ ਹੜਤਾਲ ਜ਼ਾਰੀ ਰੱਖਣਗੇ। ਇਸ ਬਾਰੇ ਜਦੋਂ ਸਕੂਲ਼ ਦੀ ਵਾਈਸ ਪ੍ਰਿਸੀਪਲ ਰਤਿੰਦਰਪਾਲ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਫੰਡ ਨਹੀ ਆ ਰਿਹਾ ਪਰ ਫਿਰ ਵੀ ਦੋ ਮਹੀਨਿਆਾਂ ਦੀ ਤਨਖਾਹ ਬਣ ਚੁੱਕੀ ਹੈ ਜੋ ਕਿ ਐੱਸਡੀਐੱਮ ਦੀ ਬਦਲੀ ਹੋਣ ਕਾਰਨ ਨਵੇਂ ਆਏ ਐੱਸਡੀਐੱਮ ਦੇ ਸਾਈਨ ਹੋਣੇ ਬਾਕੀ ਹਨ। ਜਲਦ ਹੀ ਸਟਾਫ ਦੀ ਤਨਖਾਹ ਜਾਰੀ ਕਰ ਦਿੱਤੀ ਜਾਵੇਗੀ।