ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 30 ਮਾਰਚ
ਸਥਾਨਕ ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਦੋ ਰੋਜ਼ਾ 62ਵੀਆਂ ਸਾਲਾਨਾ ਖੇਡਾਂ ਸ਼ੁਰੂ ਹੋ ਗਈਆਂ। ਪਹਿਲੇ ਦਿਨ ਗੁਰਮੀਤ ਸਿੰਘ ‘ਮੀਤ ਹੇਅਰ’ ਸਿੱਖਿਆ, ਖੇਡਾਂ ਅਤੇ ਯੁਵਾ ਮਾਮਲਿਆਂ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਨੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਐਸਡੀ ਪੋਸਟ ਗਰੈਜੂਏਟ ਕਾਲਜ, ਐੱਸਡੀ ਕਾਲਜ ਆਫ਼ ਐਜੂਕੇਸ਼ਨ, ਐੱਸਡੀ ਕਾਲਜ ਆਫ਼ ਫਾਰਮੇਸੀ, ਐੱਸਡੀ ਕਾਲਜ ਆਫ਼ ਡੀ ਫਾਰਮੇਸੀ ਅਤੇ ਡਾ. ਰਘੁਬੀਰ ਪ੍ਰਕਾਸ਼ ਐੱਸਡੀ ਸੀਨੀ. ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਖਿਡਾਰੀਆਂ ਤੋਂ ਮਾਰਚ ਪਾਸਟ ਦੀ ਸਲਾਮੀ ਲੈਂਦੇ ਹੋਏ ਖੇਡਾਂ ਦਾ ਰਸਮੀ ਉਦਘਾਟਨ ਕੀਤਾ। ਸ੍ਰੀ ਹੇਅਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਇਸ ਮੈਦਾਨ ਵਿਚ ਆਪਣੇ ਬਿਤਾਏ ਸਮੇਂ ਨੂੰ ਸ਼ਿੱਦਤ ਨਾਲ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਅਤੇ ਖੇਡਾਂ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰੱਖੇਗੀ। ਸੰਸਥਾ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।
ਇਸ ਮੌਕੇ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ. ਬਹਾਦਰ ਸਿੰਘ ਨੇ ਕਾਲਜ ਦੀਆਂ ਖੇਡ ਪ੍ਰਾਪਤੀਆਂ ਸਬੰਧੀ ਰਿਪੋਰਟ ਪੜ੍ਹੀ। ਮੁੱਖ ਮਹਿਮਾਨ ਵੱਲੋਂ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਧੰਨਵਾਦੀ ਸ਼ਬਦ ਕਹੇ।