ਜਸਵੰਤ ਜੱਸ
ਫ਼ਰੀਦਕੋਟ, 27 ਅਪਰੈਲ
ਇੱਥੋਂ ਦੀ ਆਈਟੀਆਈ ਵਿੱਚ ਅੱਜ ਚਾਰ ਜ਼ਿਲ੍ਹਿਆਂ ਦੀਆਂ ਸੰਸਥਾਵਾਂ ਦਰਮਿਆਨ ਦੋ ਰੋਜ਼ਾ ਖੇਡ ਮੁਕਾਬਲੇ ਸ਼ੁਰੂ ਹੋ ਗਏ ਹਨ। ਖੇਡਾਂ ਦਾ ਉਦਘਾਟਨ ਬੇਅੰਤ ਕੌਰ ਸੇਖੋਂ ਨੇ ਕੀਤਾ। ਆਈ.ਟੀ.ਆਈ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ ਫਿਰੋਜ਼ਪੁਰ, ਫਾਜ਼ਿਲਕਾ, ਮੋਗਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੀਆਂ 50 ਟੀਮਾਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋ ਰੋਜ਼ਾ ਖੇਡ ਮੇਲੇ ਦੌਰਾਨ ਬਾਸਕਿਟਬਾਲ ਬੈਡਮਿੰਟਨ, ਖੋ-ਖੋ, ਕਬੱਡੀ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ। ਬੇਅੰਤ ਕੌਰ ਸੇਖੋਂ ਨੇ ਉਦਘਾਟਨੀ ਸਮਾਗਮ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਣ ਲਈ ਪੰਜਾਬ ਸਰਕਾਰ ਵਿੱਦਿਅਕ ਸੰਸਥਾਵਾਂ ਨੂੰ ਲੋੜੀਂਦੇ ਫੰਡ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸਿੱਖਿਆ ਤੇ ਖੇਡਾਂ ਨਾਲ ਜੋੜ ਕੇ ਹੀ ਨਸ਼ੇ ਵਰਗੀਆਂ ਬੁਰਾਈਆਂ ਨਾਲ ਲੜਿਆ ਜਾ ਸਕਦਾ ਹੈ। ਸਿਖਲਾਈ ਅਫ਼ਸਰ ਗੁਰਪ੍ਰੀਤ ਸਿੰਘ, ਮੱਘਰ ਸਿੰਘ, ਅਜੇ ਕੁਮਾਰ, ਰੋਹਿਤ ਸੇਠੀ, ਲਖਵਿੰਦਰ ਸਿੰਘ, ਰਾਜਿੰਦਰ ਕੌਰ, ਪ੍ਰੀਤੀ ਕੌੜਾ, ਪੂਜਾ ਰਾਣੀ, ਦਵਿੰਦਰ ਸਿੰਘ, ਸੁਧੀਰ ਕੁਮਾਰ, ਜਸਬੀਰ ਸਿੰਘ ਅਤੇ ਸੰਦੀਪ ਸਿੰਘ ਨੇ ਕਿਹਾ ਕਿ 50 ਟੀਮਾਂ ਦੇ ਖੇਡ ਮੁਕਾਬਲੇ ਇੱਥੋਂ ਦੇ ਨਹਿਰੂ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਹ ਖੇਡਾਂ ਤਿੰਨ ਸਾਲ ਬਾਅਦ ਹੋ ਰਹੀਆਂ ਹਨ ਕਿਉਂਕਿ ਕਰੋਨਾ ਕਾਰਨ ਸੰਸਥਾਵਾਂ ਵਿੱਚ ਕੁਝ ਮੁਕਾਬਲੇ ਰੋਕ ਦਿੱਤੇ ਗਏ ਸਨ।