ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 13 ਅਗਸਤ
ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਵਿੱਚ ਪੜ੍ਹਦਿਆਂ ਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਕਰਨ ਵਾਲੀ ਹੋਣਹਾਰ ਵਿਦਿਆਰਥਣ ਸੁਖਦੀਪ ਕੌਰ ਨੂੰ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਲੋਂ ਸਾਰੀ ਉਚੇਰੀ ਸਿੱਖਿਆ ਸਪਾਂਸਰ ਕੀਤੀ ਗਈ ਹੈ। ਕਾਲਜ ਦੇ ਡਾਇਰੈਕਟਰ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਇਸ ਬੱਚੀ ਦੀਆਂ ਸੰਗੀਤਕ ਪ੍ਰਾਪਤੀਆਂ ਨੂੰ ਮੱਦੇਨਜ਼ਰ ਇਸ ਦੀ ਸਾਰੀ ਉਚੇਰੀ ਸਿੱਖਿਆ ਬਿਨਾਂ ਕੋਈ ਫੀਸ ਲਏ ਪੂਰੀ ਕਰਵਾਈ ਜਾਵੇਗੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਵਿੱਖ ’ਚ ਸੁਖਦੀਪ ਕੌਰ ਆਪਣੇ ਸੰਗੀਤ ਦੇ ਪ੍ਰੋਫੈਸਰ ਮੈਡਮ ਹਰਜੀਤ ਕੌਰ ਦੀ ਅਗਵਾਈ ’ਚ ਯੂਨੀਵਰਸਿਟੀਆਂ ਦੇ ਮੁਕਾਬਲੇ ਵਿੱਚ ਦੇਸ਼ ਭਰ ’ਚ ਕਾਲਜ ਦਾ ਨਾਂ ਰੌਸ਼ਨ ਕਰੇਗੀ। ਮਜ਼ਦੂਰ ਸ਼੍ਰੇਣੀ ਨਾਲ ਸਬੰਧ ਰੱਖਣ ਵਾਲੀ ਇਹ ਬੱਚੀ ਕਲਾਸੀਕਲ ਸੰਗੀਤ ਦੀ ਸਿੱਖਿਆ ਸ਼ੰਕਰ ਮਹਾਂਦੇਵਨ ਅਕੈਡਮੀ ਤੋਂ ਆਨਲਾਈਨ ਪ੍ਰਾਪਤ ਕਰ ਰਹੀ ਹੈ। ਜ਼ਿਲ੍ਹਾ ਗਾਈਡੈਂਸ ਕੌਂਸਲਰ ਫਰੀਦਕੋਟ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਸੁਖਦੀਪ ਕੌਰ ਦੀ ਸੰਗੀਤ ਦੀ ਕਲਾ ਉਸ ਲਈ ਇਕ ਵਰਦਾਨ ਸਾਬਿਤ ਹੋਈ ਹੈ ਅਤੇ ਉਸਦੀ ਉਚੇਰੀ ਸਿੱਖਿਆ ’ਚ ਬਹੁਤ ਸਹਾਈ ਹੋਵੇਗੀ।