ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 24 ਸਤੰਬਰ
ਪਿੰਡ ਫੂਲੇਵਾਲਾ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ ਪਿੰਡ ਦੇ ਡਿੱਪੂ ਹੋਲਡਰ ਉਪਰ ਸਸਤੇ ਰਾਸ਼ਨ ਵਾਲੀ ਸੈਂਕੜੇ ਕੁਇੰਟਲ ਕਣਕ ਹੜੱਪ ਜਾਣ ਦੇ ਦੋਸ਼ ਲਗਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ। ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਪਿੰਡ ਦੇ ਡਿਪੂ ਨੂੰ ਅਲਾਟ ਹੋਈ ਕਣਕ ਅਤੇ ਦਾਲ ਡਿਪੂ ਹੋਲਡਰ ਮਹਿਕਮੇ ਦੇ ਮੁਲਾਜ਼ਮਾਂ ਨਾਲ ਮਿਲ ਕੇ ਪਹਿਲਾਂ ਆਨੇ ਬਹਾਨੇ ਲੇਟ ਕਰਦਾ ਰਿਹਾ ਤੇ ਹੁਣ ਰਿਕਾਰਡ ’ਚ ਹੇਰਾ ਫੇਰੀ ਕਰਕੇ ਕਣਕ ਦੇਣ ਤੋਂ ਬਿਲਕੁਲ ਮੁਨਕਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨ ਆਗੂ ਦਰਸ਼ਨ ਸਿੰਘ ਅਤੇ ਜਗਜੀਤ ਸਿੰਘ ਦੀ ਅਗਵਾਈ ਵਿੱਚ ਕਾਰਡਧਾਰਕਾਂ ਨੇ ਪਹਿਲਾਂ ਵੀ ਜ਼ਿਲ੍ਹਾ ਖ਼ੁਰਾਕ ਅਧਿਕਾਰੀ ਡੀਐਫਐਸਓ ਤੱਕ ਸਬੂਤਾਂ ਸਹਿਤ ਸ਼ਿਕਾਇਤਾਂ ਕੀਤੀਆਂ ਸਨ ਜਿਸ ਉਪਰ ਜ਼ਿਲ੍ਹਾ ਅਧਿਕਾਰੀਆਂ ਨੇ ਘਪਲੇ ਦੀ ਇਨਕੁਆਰੀ ਮਾਰਕ ਤਾਂ ਕਰ ਦਿੱਤੀ ਪਰ ਅਜੇ ਤੱਕ ਨਾ ਤਾਂ ਡਿੱਪੂ ਹੋਲਡਰ ਵਿਰੁੱਧ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਲੋਕਾਂ ਨੂੰ ਬਣਦੀ ਕਣਕ ਮਿਲੀ ਹੈ। ਉਨ੍ਹਾਂ 29 ਸਤੰਬਰ ਨੂੰ ਰਾਮਪੁਰਾ ਫੂਲ ਦੇ ਖੁਰਾਕ ਅਧਿਕਾਰੀ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ। ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ ਵਿਕਾਸ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਡਿੱਪੂ ਹੋਲਡਰ ਖਿਲਾਫ ਸ਼ਿਕਾਇਤ ਮਿਲੀ ਸੀ, ਜਿਸ ਦੀ ਪੜਤਾਲ ਕਰਕੇ ਰਿਪੋਰਟ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।