ਨਿੱਜੀ ਪੱਤਰ ਪ੍ਰੇਰਕ
ਮੋਗਾ, 1 ਨਵੰਬਰ
ਮਾਲਵਾ ਖੇਤਰ ’ਚ ਨਰਮੇ ਦੇ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਦਾ ਸੂਬਾ ਸਰਕਾਰ ਵੱਲੋਂ ਢੁਕਵਾਂ ਮੁਆਵਜ਼ਾ ਨਾ ਦੇਣ ਰੋਸ ਵਜੋਂ ਕਿਸਾਨਾਂ ਨੇ ਸਥਾਨਕ ਬੱਸ ਅੱਡੇ ਉੱਤੇ ਸਰਕਾਰੀ ਬੱਸਾਂ ਉੱਤੇ ਲੱਗੀਆਂ ਮੁੱਖ ਮੰਤਰੀ ਦੀਆਂ ਤਸਵੀਰਾਂ ’ਤੇ ਕਾਲਖ਼ ਮਲ ਦਿੱਤੀ ਅਤੇ ਹੋਰਡਿੰਗ ਪਾੜ ਦਿੱਤੇ ਗਏ।
ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ, ਲਖਵੀਰ ਸਿੰਘ ਤੂਰ, ਗੁਰਮੀਤ ਸਿੰਘ ਕਿਸ਼ਨਪੁਰਾ, ਦਲਜੀਤ ਸਿੰਘ ਦੁਨੇਕੇ ਅਤੇ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਕਾਂਗਰਸੀ ਆਗੂਆਂ ਦੇ ਘਿਰਾਓ ਦਾ ਐਲਾਨ ਕਰਦਿਆਂ ਕਿ ਹੁਣ ਹਾਕਮ ਧਿਰ ਆਗੂਆਂ ਨੂੰ ਪਿੰਡਾਂ ਵਿੱਚ ਵੀ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਸੂਬਾ ਸਰਕਾਰ ਵੱਲੋਂ ਗੁਲਾਬੀ ਸੁੰਡੀ ਕਾਰਨ ਨੁਕਸਾਨ ਦਾ ਕਿਸਾਨਾਂ ਨੂੰ ਪ੍ਰਸਤਾਵਿਤ 12 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ 10 ਫ਼ੀਸਦੀ ਮੁਆਵਜ਼ਾ ਰੱਦ ਕਰ ਕੇ ਕਿਸਾਨਾਂ ਨੂੰ 60 ਹਜ਼ਾਰ ਰੁਪਏ ਅਤੇ ਮਜ਼ਦੂਰਾਂ ਨੂੰ 30 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਫ਼ਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਸਰਕਾਰੀ ਗੁਮਰਾਹਕੁਨ ਪ੍ਰਚਾਰ ਰੋਕਣ ਲਈ ਸਰਕਾਰੀ ਬੱਸਾਂ ਉੱਤੇ ਕਾਲਖ ਮਲੀ ਗਈ ਹੈ।