ਨਿੱਜੀ ਪੱਤਰ ਪ੍ਰੇਰਕ
ਮੋਗਾ, 27 ਜੂਨ
ਫਿਲਮ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਦੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਬਾਅਦ ਅਦਾਕਾਰ ਦੀ ਭੈਣ ਮਾਲਵਿਕਾ ਦੀਆਂ ਲੋੜਵੰਦਾਂ ਨੂੰ ਆਪਣੀ ਫ਼ੋਟੋ ਵਾਲੀਆਂ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਅਤੇ ਹਾਕਮ ਧਿਰ ਆਗੂਆਂ ਤੇ ਆਮ ਲੋਕਾਂ ਨਾਲ ਮੇਲ ਜੋਲ ਤੋਂ ਜਿਥੇ ਸਿਆਸੀ ਸਫ਼ਰ ਦੀ ਤਸਵੀਰ ਕਾਫੀ ਹੱਦ ਤੱਕ ਸਾਫ਼ ਹੋ ਗਈ ਹੈ ਉੱਥੇ ਹਾਕਮ ਧਿਰ ਦੇ ਟਿਕਟ ਚਾਹਵਾਨਾਂ ਦੀ ਨੀਂਦ ਵੀ ਉੱਡ ਗਈ ਹੈ। ਆਮ ਆਦਮੀ ਪਾਰਟੀ ਵੀ ਉਸ ਨਾਲ ਸੰਪਰਕ ਕਰਨ ’ਚ ਜੁਟੀ ਹੋਈ ਹੈ। ਮਾਲਵਿਕਾ ਨੇ ’ਆਪ’ਆਗੂਆਂ ਦਾ ਉਨ੍ਹਾਂ ਨੂੰ ਫੋਨ ਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਸਿਆਸਤ ’ਚ ਆਉਣ ਤੋਂ ਨਾਂਹ ਨਹੀਂ ਕੀਤੀ ਪਰ ਕਿਹਾ ਕਿ ਉਹ ਪਹਿਲਾਂ ਲੋੜਵੰਦਾਂ ਨੂੰ ਰਾਸ਼ਨ ਵੰਡਣ ਤੇ ਹੋਰ ਲੋਕ ਭਲਾਈ ਕੰਮਾਂ ਨਾਲ ਸਮਾਜ ਸੇਵਾ ਦਾ ਦਾਇਰਾ ਵਿਸ਼ਾਲ ਕਰ ਰਹੀ ਹੈ। ਇੱਥੇ ਸ਼ਹਿਰ ਦੇ ਬਾਹਰੀ ਖੇਤਰ ਕੋਠੇ ਪੱਤੀ ਮੁਹੱਬਤ, ਮਹੁੱਲਾ ਬੇਰੀਆਂ ਵਾਲਾ, ਡੇਰਾ ਬਾਬਾ ਦੁਰਗਾ ਨਾਥ, ਪੀਰ ਦਰੀਆ ਨਾਥ ਵਿੱਚ ਰਾਸ਼ਨ ਵੰਡ ਸਮਾਗਮ ਮੌਕੇ ਮਾਲਵਿਕਾ ਸੂਦ ਸੱਚਰ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਜ਼ਰੂਰਤਮੰਦ ਪਰਿਵਾਰਾਂ ਨੂੰ ਇਕ ਇੱਕ ਮਹੀਨੇ ਦਾ ਰਾਸ਼ਨ ਕਿੱਟਾਂ ਵੰਡ ਰਹੀ ਹੈ।