ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਜਨਵਰੀ
ਬੌਲੀਵੁੱਡ ਅਦਾਕਾਰ ਸੋਨੂ ਸੂਦ ਆਪਣੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਮੋਗਾ ਸ਼ਹਿਰੀ ਹਲਕੇ ਤੋਂ ਵਿਧਾਨ ਸਭਾ ਚੋਣਾਂ ਲਈ ਮੈਦਾਨ ’ਚ ਉਤਾਰਨ ਦਾ ਐਲਾਨ ਕਰਨ ਮਗਰੋਂ ਹੁਣ ਚੋਣ ਪਿੜ ਤਿਆਰ ਕਰ ਰਹੇ ਹਨ। ਇਸ ਕੜੀ ਤਹਿਤ ਉਨ੍ਹਾਂ ਹਲਕੇ ਦੇ ਪਿੰਡ ਦੌਲਤਪੁਰਾ ਵਿੱਚ ਸਮਾਗਮ ਕਰਕੇ ਇੱਕ ਹਜ਼ਾਰ ਔਰਤਾਂ ਨੂੰ ਗੁਲਾਬੀ ਰੰਗ ਦੇ ਸਾਈਕਲ ਵੰਡੇ।
ਅਦਾਕਾਰ ਸੋਨੂ ਸੂਦ ਨੇ ਕਿਹਾ ਕਿ ਉਹ ਜਦੋਂ ਵੀ ਆਪਣੀ ਜਨਮ ਭੂਮੀ ਮੋਗਾ ਆਉਂਦੇ ਸਨ ਤਾਂ ਸਕੂਲਾਂ ’ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਪੈਦਲ ਜਾਂਦੇ ਦੇਖਦੇ ਸਨ। ਮਜ਼ਦੂਰਾਂ ਨੂੰ ਕਈ-ਕਈ ਕਿਲੋਮੀਟਰ ਦੂਰੋਂ ਪੈਦਲ ਆਉਂਦੇ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਆਇਆ ਕਿ ਜੋ ਲੋਕ ਆਰਥਿਕ ਕਾਰਨਾਂ ਕਰਕੇ ਸਾਈਕਲ ਤੱਕ ਨਹੀਂ ਖ਼ਰੀਦ ਸਕਦੇ, ਉਨ੍ਹਾਂ ਨੂੰ ਸਾਈਕਲ ਦੀ ਮੁੱਢਲੀ ਸਹੂਲਤ ਦੇ ਕੇ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਅਗਲੇ ਹਫ਼ਤੇ ਕਿਸੇ ਸਿਆਸੀ ਪਾਰਟੀ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਵੇਗੀ। ਉਹ ਕਿਹੜੀ ਪਾਰਟੀ ’ਚ ਸ਼ਾਮਲ ਹੋਵੇਗੀ, ਇਸ ਸਬੰਧੀ ਚਰਚਾ ਦਾ ਬਾਜ਼ਾਰ ਗਰਮ ਹੈ। ਚਰਚਾ ਹੈ ਕਿ ਉਨ੍ਹਾਂ ਦੀ ਪਹਿਲੀ ਪਸੰਦ ਆਮ ਆਦਮੀ ਪਾਰਟੀ ਅਤੇ ਦੂਜੀ ਕਾਂਗਰਸ ਹੈ। ਦੋਵੇਂ ਪਾਰਟੀਆਂ ਉਨ੍ਹਾਂ ਨੂੰ ਟਿਕਟ ਦੇਣ ਲਈ ਪੱਬਾਂ ਭਾਰ ਹਨ। ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਤੇ ਹੋਰਾਂ ਨੇ ਸਾਈਕਲ ਵੰਡਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸੁਆਲ ਵੀ ਚੁੱਕੇ। ਉਨ੍ਹਾਂ ਕਿਹਾ ਕਿ ਸਿਰਫ਼ ਮੋਗਾ ਵਿਧਾਨ ਸਭਾ ਹਲਕੇ ਦੀਆਂ ਔਰਤਾਂ ਨੂੰ ਸਾਈਕਲ ਵੰਡਣ ਦਾ ਮਕਸਦ ਸਭ ਨੂੰ ਪਤਾ ਹੈ ਕਿ ਮਾਲਵਿਕਾ ਇਸ ਹਲਕੇ ਤੋਂ ਚੋਣ ਮੈਦਾਨ ’ਚ ਉਤਰਨ ਦਾ ਐਲਾਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਹਲਕੇ ਦੀਆਂ ਔਰਤਾਂ ਨੂੰ ਸਾਈਕਲ ਵੰਡਦਿਆਂ ਸਮਾਜ ਸੇਵਾ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ।