ਨਿਜੀ ਪੱਤਰ ਪ੍ਰੇਰਕ
ਕੋਟਕਪੂਰਾ, 31 ਮਈ
ਕੋਟਕਪੂਰਾ ਸ਼ਹਿਰ ਦੀ ਗਾਂਧੀ ਬਸਤੀ ’ਚ ਰਹਿੰਦੇ ਰੋਸ਼ਨ ਲਾਲ ਦੇ ਹੋਣਹਾਰ ਪੁੱਤਰ ਅਭਿਸ਼ੇਕ ਨੇ ਯੂਪੀਐੱਸਸੀ ਦੀ ਪ੍ਰੀਖਿਆ ’ਚ 218ਵਾਂ ਰੈਂਕ ਪ੍ਰਾਪਤ ਕਰਕੇ ਆਈਏਐੱਸ ਬਣਿਆ ਹੈ। ਅਭਿਸ਼ੇਕ ਦੀ ਇਸ ਸਫਲਤਾ ’ਤੇ ਗਾਂਧੀ ਬਸਤੀ ਅੰਦਰ ਵਿਆਹ ਵਰਗਾ ਮਾਹੌਲ ਬਣਿਆ ਰਿਹਾ। ਰੇਗਰ ਸਮਾਜ ਦੇ ਲੋਕਾਂ ਵੱਲੋਂ ਢੋਲ ਵਜਾ ਕੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਅਭਿਸ਼ੇਕ ਦੇ ਪਿਤਾ ਰੋਸ਼ਨ ਲਾਲ ਜੁੱਤੀਆਂ ਬਣਾਉਣ ਵਾਲੇ ਵੇਦ ਪ੍ਰਕਾਸ਼ ਦੀ ਦੁਕਾਨ ’ਤੇ ਨੌਕਰੀ ਕਰਦੇ ਹਨ। ਉਹ ਇਸ ਦੁਕਾਨ ’ਤੇ ਕੰਮ ਕਰਕੇ ਦਿਨ ’ਚ ਸਿਰਫ 300-400 ਰੁਪਏ ਕਮਾਉਂਦੇ ਹਨ। ਅਭਿਸ਼ੇਕ ਨੇ ਕੋਟਕਪੂਰੇ ਦੇ ਦਸਮੇਸ਼ ਸਕੂਲ ਤੋਂ ਦਸਵੀਂ ਪਹਿਲੇ ਦਰਜੇ ’ਚ ਪਾਸ ਕੀਤੀ ਤੇ ਮਗਰੋਂ ਬੀਟੈਕ ਕੀਤੀ। ਅਭਿਸ਼ੇਕ ਦੇ ਪਿਤਾ ਨੇ ਦੱਸਿਆ ਕਿ ਉਹ ਵੀ ਗ੍ਰੈਜੂਏਟ ਹਨ, ਉਸਦੇ ਪਿਤਾ ਵੀ ਪੜ੍ਹੇ-ਲਿਖੇ ਸਨ। ਉਸਨੇ ਦੱਸਿਆ ਕਿ ਉਸਨੇ ਆਪਣੇ ਬੱਚਿਆਂ ਨੂੰ ਇਹ ਨਹੀਂ ਦੱਸਿਆ ਕਿ ਉਹ ਕਿਸ ਦੁਕਾਨ ’ਤੇ ਕੰਮ ਕਰਦਾ ਹੈ ਕਿਉਂਕਿ ਉਸਦੇ ਬੱਚੇ ਉਸਦੇ ਪਿਤਾ ਦੇ ਕੰਮ ਵੱਲ ਨਾ ਆ ਜਾਣ। ਅਭਿਸ਼ੇਕ ਦੀ ਮਾਂ ਦੁਰਗੇਸ਼ ਰਾਣੀ ਜੋ ਐੱਲਆਈਸੀ ’ਚ ਕੰਮ ਕਰਦੀ ਹੈ, ਇਹ ਖੁਸ਼ੀ ਦੀ ਖਬਰ ਸੁਣ ਕੇ ਬੇਹੱਦ ਖੁਸ਼ ਹੋਈ। ਉਸ ਅਨੁਸਾਰ ਉਸਨੂੰ ਭਰੋਸਾ ਸੀ ਕਿ ਉਸਦਾ ਪੁੱਤ ਇਕ ਦਿਨ ਜ਼ਰੂਰ ਕਾਮਯਾਬ ਹੋਵੇਗਾ ਕਿਉਂਕਿ ਉਸਨੇ ਆਈਏਐੱਸ ਦੀ ਤਿਆਰੀ ਲਈ ਰਾਤ-ਦਿਨ ਇਕ ਕਰ ਦਿੱਤਾ ਸੀ।