ਪੱਤਰ ਪ੍ਰੇਰਕ
ਗਿੱਦੜਬਾਹਾ, 22 ਜੂਨ
ਬੀਤੀ ਰਾਤ ਆਏ ਤੇਜ਼ ਝੱਖੜ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਲੱਗੇ ਸੋਲਰ ਪੈਨਲ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ, ਖਾਸ ਕਰਕੇ ਹਲਕਾ ਗਿੱਦੜਬਾਹਾ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਮੋਟਰਾਂ ’ਤੇ ਲੱਗੇ ਸਰਕਾਰੀ ਅਤੇ ਪ੍ਰਾਈਵੇਟ ਸੋਲਰ ਪੈਨਲ ਨੁਕਸਾਨੇ ਜਾਣ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ
ਨੁਕਸਾਨ ਹੋਇਆ ਹੈ ਅਤੇ ਕਿਸਾਨ ਨੁਕਸਾਨੇ ਸੋਲਰ ਪੈਨਲਾਂ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁੰਵਰ ਗੁਰਤਾਜ ਸਿੰਘ ਵਾਸੀ ਪਿੰਡ ਥੇੜ੍ਹੀ ਨੇ ਦੱਸਿਆ ਕਿ ਉਨ੍ਹਾਂ ਦੀ ਮੋਟਰ ’ਤੇ ਲੱਗਿਆ ਸੋਲਰ ਬੀਤੀ ਰਾਤ ਆਏ ਤੇਜ਼ ਝੱਖੜ ਕਾਰਨ ਨੁਕਸਾਨਿਆ ਗਿਆ। ਇਸੇ ਤਰ੍ਹਾਂ ਪਿੰਡ ਫਕਰਸਰ ਦੇ ਕਿਸਾਨ ਜਸਵਿੰਦਰ ਸਿੰਘ ਦਾ ਮੋਟਰ ’ਤੇ ਲੱਗਿਆ 5 ਕਿਲੋਵਾਟ ਦਾ ਸੋਲਰ ਪੈਨਲ ਵੀ ਝੱਖੜ ਕਾਰਨ ਨੁਕਸਾਨਿਆ ਗਿਆ। ਉਕਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।